Dr. Ravjot Singh: ਵਾਇਰਲ ਤਸਵੀਰਾਂ ਨੂੰ ਲੈ ਕੇ  ਵਿਰੋਧੀਆਂ 'ਤੇ ਵਰ੍ਹੇ ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ,  ‘ਸਾਬਕਾ ਪਤਨੀ ਨਾਲ ਮੇਰੀਆਂ ਤਸਵੀਰਾਂ AI ਨਾਲ ਐਡਿਟ ਕਰ ਕੇ ਵਾਇਰਲ ਕੀਤੀਆਂ ਜਾ ਰਹੀਆਂ’

Dr. Ravjot Singh

Cabinet Minister Dr. Ravjot Singh: ਲੁਧਿਆਣਾ ਜ਼ਿਮਨੀ ਚੋਣਾਂ ਤੋਂ ਪਹਿਲਾਂ 'ਆਪ' ਮੰਤਰੀ ਡਾ. ਰਵਜੋਤ ਸਿੰਘ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਸੰਬੰਧੀ ਖੁਦ ਮੰਤਰੀ ਵਲੋਂ ਫ਼ੇਸਬੁੱਕ 'ਤੇ ਪੋਸਟ ਪਾਈ ਅਤੇ ਦੱਸਿਆ ਕਿ ਇਹ ਸਾਰੀਆਂ ਤਸਵੀਰਾਂ ਉਸ ਦੀ ਸਾਬਕਾ ਪਤਨੀ ਨਾਲ ਏ.ਆਈ. ਨਾਲ ਬਣਾਈਆਂ ਗਈਆਂ ਹਨ।

ਇਸ ਦੌਰਾਨ ਡਾ. ਰਵਜੋਤ ਸਿੰਘ ਨੇ ਆਪਣੇ ਫ਼ੇਸਬੁੱਕ ਪੇਜ 'ਤੇ ਲਿਖਿਆ ਕਿ ਲੁਧਿਆਣਾ ਉਪ-ਚੋਣ ਵਿੱਚ AAP ਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੌਖ਼ਲਾ ਗਈ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨ੍ਹਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ। ਇਨ੍ਹਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ। ਇਹ ਹਰਕਤ ਸਿਰਫ਼ ਮੇਰੀ ਨਹੀਂ, ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਨ੍ਹਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ। ਇਹ ਸਿਰਫ ਨਿੱਜੀ ਹਮਲਾ ਨਹੀਂ, ਸਗੋਂ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ। ਲੁਧਿਆਣਾ ਉਪ-ਚੋਣ ਤੋਂ ਠੀਕ ਦੋ ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ AAP ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗ਼ਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਹੈ। ਮੈਂ ਇਸ ਘਟੀਆ ਸਾਜ਼ਿਸ਼ ਅਤੇ ਝੂਠ ਫ਼ੈਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ FIR ਵੀ ਕਰਵਾਵਾਂਗਾ ਅਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ। ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਇੰਨੀ ਘਟੀਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮੁਆਫ਼ ਨਹੀਂ ਕਰਾਂਗਾ। ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ 'ਤੇ ਭਰੋਸਾ ਰੱਖੋ ਅਤੇ ਅਜਿਹੇ ਗਿਰੇ ਹੋਏ ਆਗੂਆਂ ਦੇ ਫੈਲਾਏ ਝੂਠ ਅਤੇ ਗੰਦਗੀ ਤੋਂ ਸੁਚੇਤ ਰਹੋ। ਅਸੀਂ ਸੱਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ, ਅਤੇ ਕਰਦੇ ਰਹਾਂਗੇ।