ਕਾਂਗਰਸੀ ਆਗੂ ਹਰਮਨ ਬਡਲਾ 'ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਹਰਮਨ ਸਿੰਘ ਬਡਲਾ ਉਪਰ ਅੱਜ ਕੁਝ ਵਿਅਕਤੀਆਂ ਨੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਹੈ..........

During Treatment Harman Badla

ਧੂਰੀ : ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਹਰਮਨ ਸਿੰਘ ਬਡਲਾ ਉਪਰ ਅੱਜ ਕੁਝ ਵਿਅਕਤੀਆਂ ਨੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਨੇ ਜ ਜ਼ਿਲ੍ਹੇ ਦੇ ਇੱਕ ਕਾਂਗਰਸੀ ਵਿਧਾਇਕ 'ਤੇ ਆਪਣੇ ਸਾਥੀਆਂ ਤੋਂ ਹਮਲਾ ਕਰਵਾਉਣ ਦੇ ਦੋਸ਼ ਲਗਾਏ ਹਨ।  ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹਰਮਨ ਬਡਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਇੱਕ ਕੇਸ ਦੇ ਸਬੰਧ ਵਿੱਚ ਮਾਲੇਰਕੋਟਲਾ ਤੋਂ ਪੇਸ਼ੀ ਭੁਗਤ ਕੇ ਵਾਪਸ ਸੰਗਰੂਰ ਜਾ ਰਹੇ ਸਨ ਤਾਂ ਪਿੰਡ ਸੰਗਾਲਾ ਕੋਲ ਇੱਕ ਗੱਡੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਮੋਬਾਇਲ ਵੀ ਵੀਡਿਓ ਸ਼ੁਰੂ ਕਰ

ਲਈ ਤਾਂ ਇਤਨੇ 'ਚ ਪਿੰਡ ਭਸੌੜ ਲਾਗੇ ਉਨ੍ਹਾਂ ਦੀ ਗੱਡੀ ਨੂੰ ਕੱਟ ਮਾਰ ਕੇ ਰੋਕ ਕੇ ਪੰਜ ਬੰਦਿਆਂ ਨੇ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕਰਨੀਂ ਸ਼ੁਰੂ ਕਰ ਦਿੱਤੀ। ਮੌਕੇ 'ਤੇ ਲੋਕਾਂ ਦਾ ਇਕੱਠ ਹੋਣ 'ਤੇ ਹਮਲਾਵਰ ਮੌਕੇ ਤੋਂ ਭੱਜ ਗਏ ਅਤੇ ਜਾਂਦੇ ਵਕਤ ਉਨ੍ਹਾਂ ਦੀ ਪੱਗ ਵੀ ਨਾਲ ਲੈ ਗਏ। ਹਰਮਨ ਬਡਲਾ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਸ ਹਮਲੇ ਬਾਰੇ ਜਿਲ੍ਹਾ ਸੰਗਰੂਰ ਦੇ ਐੱਸ. ਐੱਸ. ਪੀ. ਨੂੰ ਫੋਨ ਕਰਕੇ ਸਾਰੀ ਸੂਚਨਾਂ ਦਿੱਤੀ।  ਮੌਕੇ 'ਤੇ ਪੁੱਜੇ ਐੱਸ. ਐੱਚ. ਓ ਸਦਰ ਹਰਵਿੰਦਰ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਧੂਰੀ ਦਾਖਲ ਕਰਵਾਇਆ। ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਇੱਕ ਕਾਂਗਰਸੀ ਵਿਧਾਇਕ ਅਤੇ ਉਸਦੇ ਪੁੱਤਰ ਦਾ ਨਾਮ ਲੈਂਦਿਆਂ ਹਮਲਾ ਕਰਵਾਉਣ ਦਾ

ਦੋਸ਼ ਲਗਾਉਂਦਿਆਂ ਹਮਲਾਵਰਾਂ ਵਿਰੁਧ ਮੁਕੱਦਮਾ ਦਰਜ ਕੀਤੇ ਜਾਣ ਅਤੇ ਵਿਧਾਇਕ ਵਿਰੁਧ ਪਾਰਟੀ ਤੋਂ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਨਾਲ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮਾਮਲੇ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ। ਇਸ ਸਬੰਧੀ ਥਾਣਾ ਸਦਰ ਧੂਰੀ ਦੇ ਮੁੱਖ ਅਫਸਰ ਹਰਵਿੰਦਰ ਸਿੰਘ ਖਹਿਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।