ਐਸ.ਜੀ.ਪੀ.ਸੀ. ਚੋਣਾਂ ਲਈ ਢੀਂਡਸਾ ਦੀ ਅਗਵਾਈ ਵਿਚ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ ਵਫ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਆਦ ਪੂਰੀ ਕਰ ਚੁੱਕੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਸਬੰਧੀ ਬੀਤੇ ਦਿਨੀ ਅਕਾਲੀ ਦਲ ਟਕਸਾਲੀ ਵਲੋਂ ਮੰਗ ਚੁੱਕੇ ਜਾਣ ਤੋਂ ਬਾਅਦ

Sukhdev Dhindsa

ਚੰਡੀਗੜ੍ਹ,  : ਮਿਆਦ ਪੂਰੀ ਕਰ ਚੁੱਕੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਸਬੰਧੀ ਬੀਤੇ ਦਿਨੀ ਅਕਾਲੀ ਦਲ ਟਕਸਾਲੀ ਵਲੋਂ ਮੰਗ ਚੁੱਕੇ ਜਾਣ ਤੋਂ ਬਾਅਦ ਹੁਣ ਨਵ ਗਠਤ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਵੀ ਸਰਗਰਮ ਹੋ ਗਿਆ ਹੈ। ਅੱਜ ਦਲ ਦੀ ਇਥੇ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਪਹਿਲੀ ਮੀਟਿੰਗ ਵਿਚ ਇਸ ਮੁੱਦੇ 'ਤੇ ਵਿਸ਼ੇਸ਼ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਐਲਾਨ ਕੀਤਾ ਗਿਆ ਕਿ ਛੇਤੀ ਹੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਵਫ਼ਦ ਐਸ.ਜੀ.ਪੀ.ਸੀ. ਚੋਣਾਂ ਦੀ ਮੰਗ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇਗਾ।

ਮੀਟਿੰਗ ਵਿਚ ਸ਼ਾਮਲ ਦਲ ਦੇ ਆਗੂਆਂ ਵਿਚ ਢੀਂਡਸਾ ਤੋਂ ਇਲਾਵਾ ਜਥੇਦਾਰ ਸੇਵਾ ਸਿੰਘ ਸੇਖਵਾਂ, ਬੀਬੀ ਪ੍ਰਮਜੀਤ ਕੌਰ ਗੁਲਸ਼ਨ, ਬੀਰਦਵਿੰਦਰ ਸਿੰਘ, ਜਸਟਿਸ ਨਿਰਮਲ ਸਿੰਘ, ਪ੍ਰਮਿੰਦਰ ਸਿੰਘ ਢੀਂਡਸਾ, ਜਗਦੀਸ਼ ਸਿੰਘ ਗਰਚਾ, ਬੀਬੀ ਹਰਜੀਤ ਕੌਰ ਤਲਵੰਡੀ, ਨਿਧੜਕ ਸਿੰਘ ਬਰਾੜ, ਰਣਧੀਰ ਸਿੰਘ ਰਖੜਾ, ਆਦਿ ਦੇ ਨਾਮ ਜ਼ਿਕਰਯੋਗ ਹਨ।

ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 267 ਸਰੂਪਾਂ ਦੇ ਪਸ਼ਚਾਤਾਪ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ 30 ਜੁਲਾਈ ਨੂੰ ਸ੍ਰੀ ਮਸਤੂਆਣਾ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ। ਦਲ ਦਾ ਜਥੇਬੰਧਕ ਢਾਂਚਾ ਬਣਾਉਣ ਲਈ ਜਲਦ ਹੀ ਭਰਤੀ ਸ਼ੁਰੂ ਕਰ ਕੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿਚ ਪਾਸ ਕੀਤੇ ਮਤਿਆਂ ਰਹੀਂ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਯੂਏਪੀ ਕਾਨੂੰਨ ਤਹਿਤ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਜਾ ਰਹੇ ਪਰਚਿਆਂ ਦਾ ਰਿਵੀਊ ਕਰ ਕੇ ਗ਼ਲਤ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਗਈ। ਸੁਖਬੀਰ ਬਾਦਲ ਤੋਂ ਸੋਦਾ ਸਾਧ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਦੇਣ ਸੰਬਧੀ ਲੱਗ ਰਹੇ ਦੋਸ਼ਾਂ ਦਾ ਸਪਸ਼ੱਟੀਕਰਨ ਮੰਗਿਆ ਗਿਆ ਅਤੇ ਕਿਸਾਨਾਂ ਦੇ 20 ਜੁਲਾਈ ਦੇ ਐਕਸ਼ਨ ਦੀ ਹਮਾਇਤ ਕੀਤੀ ਗਈ।