‘ਆਪ’ ਦੇ ਚਾਰ ਵਿਧਾਇਕਾਂ ’ਤੇ ਅਯੋਗਤਾ ਦੀ ਤਲਵਾਰ ਫਿਰ ਲਟਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਸਥਾਨ ਦੇ ਕਾਂਗਰਸ ਸੰਕਟ ਦਾ ਪੰਜਾਬ ’ਤੇ ਅਸਰ

AAP

ਚੰਡੀਗੜ੍ਹ, 17 ਜੁਲਾਈ (ਜੀ.ਸੀ. ਭਾਰਦਵਾਜ) : ਗੁਆਂਢੀ ਸੂਬੇ ਵਿਚ ਰਾਜਸਥਾਨ ਕਾਂਗਰਸ ਦੀ ਬਗਾਵਤ ਤੋਂ ਉਪਜੀ ਸਥਿਤੀ ਅਤੇ ਵਿਧਾਇਕਾਂ ਦੀ ਅਯੋਗਤਾ ਦਾ ਮੁੱਦਾ ਹਾਈ ਕੋਰਟ ਵਿਚ ਪਹੁੰਚਣ ਕਰ ਕੇ ਪੰਜਾਬ ਵਿਧਾਨ ਸਭਾ ਵਿਚ 4 ਆਪ ਵਿਧਾਇਕਾਂ ਦਾ ਪਿਛਲੇ 19 ਮਹੀਨੇ ਤੋਂ ਲਟਕਿਆ ਮਾਮਲਾ ਫਿਰ ਗਰਮਾ ਗਿਆ ਹੈ।
ਸਪੀਕਰ ਰਾਣਾ ਕੇਪੀ ਸਿੰਘ ਨੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ 31 ਜੁਲਾਈ ਸਵੇਰੇ 11 ਵਜੇ ਅਤੇ 11.30 ਵਜੇ ਅਪਣਾ ਪੱਖ ਪੇਸ਼ ਕਰਨ ਵਾਸੇ ਅਪਣੇ ਚੈਂਬਰ ਵਿਚ ਪੇਸ਼ ਹੋਣ ਲਈ ਹੁਕਮ ਦਿਤੇ ਹਨ।

2017 ਅਸੈਂਬਲੀ ਚੋਣਾਂ ਵਿਚ ਆਪ ਦੀ ਟਿਕਟ ’ਤੇ ਜਿੱਤੇ ਖਹਿਰਾ ਨੇ ਬਤੌਰ ਵਿਰੋਧੀ ਧਿਰ ਦੇ ਨੇਤਾ ਦੀ ਕਮਾਨ, ਹਰਵਿੰਦਰ ਸਿੰਘ ਫੂਲਕਾ ਤੋਂ ਬਾਅਦ ਸੰਭਾਲੀ ਸੀ ਪਰ ਪਾਰਟੀ ਮੁੱਖੀ ਅਰਵਿੰਦ ਕਜਰੀਵਾਲ ਨੇ ਖਹਿਰਾ ਨੂੰ ਵੀ ਕੁੱਝ ਮਹੀਨੇ ਬਾਅਦ ਲਾਹ ਦਿਤਾ, ਜਿਸ ਤੋਂ ਖ਼ਫ਼ਾ ਹੋ ਕੇ ਉਨ੍ਹਾਂ ਨਵੀਂ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਈ, 2019 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ਤੋਂ ਬੁਰੀ ਤਰਾਂ ਹਾਰੇ। ਆਪ ਦੇ ਹੀ ਮੌਜੂਦਾ ਨੇਤਾ ਹਰਪਾਲ ਚੀਮਾ ਨੇ ਖਹਿਰਾ ਵਿਰੁਧ ਪਟੀਸ਼ਨ ਸਪੀਕਰ ਪਾਸ ਦਰਜ ਕੀਤੀ ਪਰ ਸ. ਖਹਿਰਾ ਹਰ ਤਰੀਕ ’ਤੇ ਪਿਛਲੇ 19 ਮਹੀਨਿਆਂ ਤੋਂ ਬਹਾਨੇਬਾਜ਼ੀ ਕਰਦੇ ਆ ਰਹੇ ਹਨ।

ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਦੇ ਬਾਵਜੂਦ ਵੀ ਇਹ ਵਿਧਾਇਕ ਵਿਧਾਨ ਸਭਾ ਤੋਂ ਤਨਖ਼ਾਹ ਭੱਤੇ, ਕਮੇਟੀ ਬੈਠਕਾਂ ਦਾ ਟੀ.ਏ., ਡੀ.ਏ. ਤੇ ਹੋਰ ਅਨੰਦ ਮਾਣ ਰਹੇ ਹਨ। ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੇ ਅਪ੍ਰੈਲ 2019 ਵਿਚ ਸੱਤਾਧਾਰੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ ਪਰ ਪਿਛਲੇ 16 ਮਹੀਨਿਆਂ ਤੋਂ ਫਿਰ ਵੀ ਆਪ ਵਿਚ ਚਲੀ ਆ ਰਹੇ ਹਨ। ਵਿਧਾਨ ਸਭਾ ਸੈਸ਼ਨ ਵਿਚ ਵੀ ਆਪ ਵਾਲੇ ਬੈਂਚਾਂ ’ਤੇ ਸੁਸ਼ੋਭਿਤ ਹੁੰਦੇ ਹੋਏ ਤਨਖ਼ਾਹ ਭੱਤੇ ਲਗਾਤਾਰ ਲਈ ਜਾਂਦੇ ਹਨ।

ਸੰਦੋਆ ਵਿਰੁਧ ਪਟੀਸ਼ਨ ਰੋਪੜ ਤੋਂ ਐਡਵੋਕੇਟ ਦਿਨੇਸ਼ ਨੇ ਦਰਜ ਕੀਤੀ ਹੋਈ ਹੈ ਅਤੇ ਅਪਣੇ ਪੱਖ ਪੇਸ਼ ਕਰਨ ਲਈ 31 ਜੁਲਾਈ 11.30 ਵਜੇ ਦਾ ਵਕਤ ਦਿਤਾ ਹੈ। ਜੈਤੋਂ ਰਿਜ਼ਰਵ ਹਲਕੇ ਤੋਂ ਮਾਸਟਰ ਬਲਦੇਵ ਸਿੰਘ ਨੇ ਜਨਵਰੀ 2019 ਵਿਚ ਪੰਜਾਬ ਏਕਤਾ ਪਾਰਟੀ ਵਿਚ ਸ਼ਾਮਲ ਹੋ ਕੇ ਫ਼ਰੀਦਕੋਟ ਲੋਕ ਸਭਾ ਸੀਟ ਤੋਂ ਮਈ 2019 ਵਿਚ ਚੋਣ ਲੜੀ ਪਰ ਹਾਰ ਗਏ। 

ਇਹ ਵਿਧਾਇਕ ਵੀ ਵਾਰ ਵਾਰ ਪੇਸ਼ੀ ਤੇ ਹਾਜ਼ਰ ਨਾ ਹੋ ਕੇ ਬਹਾਨੇ ਲਾ ਰਹੇ ਹਨ। ਇਨ੍ਹਾਂ ਤੋਂ ਹੁਣ ਸਪੀਕਰ ਨੇ ਮੁੱੜ ਲਿਖਤੀ ਜਵਾਬ ਮੰਗਿਆ ਹੈ।
ਆਪ ਦੇ ਚੌਥੇ ਵਿਧਾਇਕ ਨਾਜਰ ਸਿੰਘ ਮਾਨਾਸ਼ਾਹੀਆ ਨੇ ਵੀ ਕਾਂਗਰਸ ਵਿਚ ਸ਼ਮੂਲੀਅਤ ਅਪ੍ਰੈਲ 2019 ਵਿਚ ਕੀਤੀ ਸੀ। ਇਹ ਵੀ ਲਗਾਤਾਰ ਤਨਖ਼ਾਹ, ਭੱਤੇ ਅਤੇ ਹੋਰ ਸਹੂਲਤਾਂ ਮਾਣ ਰਹੇ ਹਨ। ਇਨ੍ਹਾਂ ਨੂੰ ਵੀ 31 ਜੁਲਾਈ ਦੀ ਤਾਰੀਖ ਦਿਤੀ ਹੋਈ ਹੈ ਤਾਂ ਜੋ ਅਪਣਾ ਲਿਖਤੀ ਜਵਾਬ ਦੇ ਸਕਣ।