ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਨਾਲ ਹੋਰ ਤਿੱਖੀ ਹੋਵੇਗੀ ਅੰਦੋਲਨ ਦੀ ਧਾਰ: ਰਾਕੇਸ਼ ਟਿਕੈਤ
ਸ਼ਾਤਮਈ ਵਿਰੋਧ ਨੂੰ ਦੇਸ਼ ਧ੍ਰੋਹ ਦੱਸ ਕੇ ਜੇਲ੍ਹਾਂ ਵਿਚ ਸੁੱਟਣ ਲਈ ਕਾਲੇ ਕਾਨੂੰਨ ਵਰਤ ਰਹੀਆਂ ਹਨ ਸਰਕਾਰਾਂ
ਸਿਰਸਾ : (ਸੁਰਿੰਦਰ ਸਿੰਘ) : ਹਰਿਆਣਾ ਦੇ ਡਿਪਟੀ ਸਪੀਕਰ ਦੀ ਗੱਡੀ ਦੇ ਸੀਸ਼ੇ ਤੋੜਨ ਅਤੇ ਸਰਕਾਰੀ ਕੰਮਾਂ ਵਿਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਵਿਚ ਸਿਰਸਾ ਦੀ ਸੀਆਈਏ ਪੁਲੀਸ ਵਲੋ ਗਿ੍ਰਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਪਮੁੱਖ ਆਗੂ ਰਕੇਸ਼ ਟਿਕੈਤ ਅਤੇ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਅਤੇ ਰਾਜ ਸਰਕਾਰ ਵਿਰੁਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।
ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਫਾਸੀਵਾਦੀ ਹਾਕਮ ਬਸਤੀਵਾਦੀਆਂ ਤੋਂ ਵੀ ਦਸ ਕਦਮ ਅੱਗੇ ਚੱਲ ਕੇ ਲੋਕਾਂ ਵਲੋਂ ਕੀਤੇ ਜਾ ਰਹੇ ਸਰਕਾਰ ਦੇ ਸ਼ਾਤਮਈ ਵਿਰੋਧ ਨੂੰ ਦੇਸ਼ ਧ੍ਰੋਹ ਦੱਸ ਕੇ ਜੇਲ੍ਹਾਂ ਵਿਚ ਸੁੱਟਣ ਲਈ ਕਾਲੇ ਕਾਨੂੰਨ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਸਾ ਪੁਲਿਸ ਵਲੋ ਗਿ੍ਰਫ਼ਤਾਰ ਕੀਤੇ ਕਿਸਾਨਾਂ ਨੂੰ ਜੇਕਰ ਰਿਹਾਅ ਨਾ ਕੀਤਾ ਗਿਆ ਤਾਂ ਪੂਰੇ ਹਰਿਆਣਾ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨਾਂ ਦੀ ਲਹਿਰ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਇਸ ਅਦੋਲਨ ਨੂੰ ਕੁਝ ਸੂਬਿਆਂ ਤੱਕ ਸੀਮਤ ਕਰ ਕੇ ਦਬਾਉਣਾ ਚਾਹੁੰਦੀ ਹੈ।
ਇਸ ਮੌਕੇ ਬੋਲਦੇ ਹੋਏ ਐਸ.ਜੀ.ਪੀ.ਸੀ. ਦੇ ਮੈਬਰ ਅਤੇ ਕਾਲਾਂਵਾਲੀ ਖੇਤਰ ਦੇ ਪ੍ਰਮੱਖ ਆਗੂ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾਂ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਸਿਰਸਾ ਪੁਲਿਸ ਵਲੋ ਨਿਰਦੋਸ਼ ਕਿਸਾਨਾਂ ਵਿਰੁਧ ਕੀਤੀ ਗਈ ਗਿ੍ਰਫ਼ਤਾਰੀ ਨੂੰ ਜ਼ਾਲਮਾਨਾ ਅਤੇ ਸ਼ਰਮਨਾਕ ਅਤੇ ਜਮਹੂਰੀ ਹੱਕਾਂ ਦਾ ਘਾਣ ਗਰਦਾਨਿਆ। ਉਨ੍ਹਾਂ ਕਿਹਾ ਸਰਵਉੱਚ ਅਦਾਲਤ ਨੇ ਵੀ ਆਜ਼ਾਦ ਭਾਰਤ ਵਿਚ ਬਸਤੀਵਾਦੀ ਹਾਕਮਾਂ ਦੇ ਬਣਾਏ ਦੇਸ਼ ਧ੍ਰੋਹ ਦੇ ਕਾਨੂੰਨ ਬਾਰੇ ਭਾਜਪਾ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਹੈ ਪਰ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕ ਰਹੀ।
ਉਨ੍ਹਾਂ ਕਿਹਾ ਕਿ ਦੇਸ਼ ਦੇ ਫਾਸੀਵਾਦੀ ਹਾਕਮ ਬਸਤੀਵਾਦੀਆਂ ਤੋਂ ਵੀ ਦਸ ਕਦਮ ਅੱਗੇ ਚੱਲ ਕੇ ਲੋਕਾਂ ਵਲੋਂ ਕੀਤੇ ਜਾ ਰਹੇ ਸਰਕਾਰ ਦੇ ਸ਼ਾਤਮਈ ਵਿਰੋਧ ਨੂੰ ਦੇਸ਼ ਧ੍ਰੋਹ ਦੱਸ ਕੇ ਜੇਲ੍ਹਾਂ ਵਿਚ ਸੁੱਟਣ ਲਈ ਕਾਲੇ ਕਾਨੂੰਨ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਸਾ ਪੁਲਿਸ ਵਲੋ ਗਿ੍ਰਫ਼ਤਾਰ ਕੀਤੇ ਕਿਸਾਨ ਬਲਕਾਰ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਬਲਕਾਰ ਸਿੰਘ ਪੁੱਤਰ ਗੋਬਿੰਦ ਸਿੰਘ ਅਤੇ ਨਿੱਕਾ ਸਿੰਘ ਪੁੱਤਰ ਸਾਹਿਬ ਸਿੰਘ ਅਤੇ ਖ਼ੈਰਪੁਰ ਨਿਵਾਸੀ ਸਾਹਿਬ ਸਿੰਘ ਸਮੇਤ ਸਾਰੇ ਕਿਸਾਨਾ ਨੂੰ ਰਿਹਾ ਕੀਤਾ ਜਾਵੇ। ਇਨ੍ਹਾਂ ਕਿਸਾਨਾਂ ਨੂੰ ਸੀਆਈਏ ਸਟਾਫ਼ ਸਿਰਸਾ ਸਵੇਰੇ ਚਾਰ ਵਜੇ ਘਰੋਂ ਚੁਕਿਆ ਗਿਆ।
ਜ਼ਿਕਰਯੋਗ ਹੈ ਕਿ ਸਿਰਸਾ ਪੁਲਿਸ ਵਲੋਂ ਐਸਪੀ ਅਰਪਿਤ ਜੈਨ ਦੀ ਅਗਵਾਈ ਵਿਚ ਕਿਸਾਨਾਂ ਦੀ ਗਿ੍ਰਫ਼ਤਾਰੀ ਲਈ ਕਰੀਬ 10 ਟੀਮਾਂ ਬਣਾਈਆ ਗਈਆਂ ਸਨ। ਗਿ੍ਰਫ਼ਤਾਰ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲਿਆਂ ਵਿਚ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ, ਗੁਰਦਾਸ ਸਿੰਘ ਲੱਕੜਵਾਲੀ, ਸਵਰਨ ਸਿੰਘ ਵਿਰਕ ਬਲਵੀਰ ਕੌਰ ਗਾਂਧੀ,ਕੁਲਦੀਪ ਗੁਦਰਾਣਾ ਸਮੇਤ ਸਿਰਸਾ ਖੇਤਰ ਦੇ ਵੱਡੇ ਕਿਸਨ ਆਗੂ ਸ਼ਾਮਲ ਸਨ। ਖ਼ਬਰ ਲਿਖੇ ਜਾਣ ਤਕ ਗਿ੍ਰਫ਼ਤਾਰ ਕਿਸਾਨਾ ਦੀ ਰਿਹਾਈ ਸਬੰਧੀ ਕਿਸਾਨਾਂ ਦਾ ਜ਼ੋਰਦਾਰ ਅਤੇ ਵੱਡਾ ਪ੍ਰਦਰਸ਼ਨ ਜਾਰੀ ਸੀ