ਖੱਟਰ ਦੇ ਐਸ.ਵਾਈ.ਐਲ. ਬਾਰੇ ਬਿਆਨ ’ਤੇ ਗਰਮਾਈ ਪੰਜਾਬ ਦੀ ਸਿਆਸਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਭਾਜਪਾ ਖੱਟਰ ਦੇ ਬਿਆਨ ਤੋਂ ਸਹਿਮਤ ਨਹੀਂ, ਐਸ.ਵਾਈ.ਐਲ. ਨਹੀਂ ਬਣਨ ਦੇਵਾਂਗੇ : ਗੁਰਦੀਪ ਗੋਸ਼ਾ

photo

 

ਪੰਜਾਬ ਸਰਕਾਰ ਨੇ ਨਹਿਰਾਂ ਤੇ ਘੱਗਰ ਵਲ ਕੋਈ ਧਿਆਨ ਨਹੀਂ ਦਿਤਾ : ਅੰਮ੍ਰਿਤਾ ਗਿੱਲ
ਸਰਕਾਰਾਂ ਨੂੰ ਸੁਝਾਅ ਦੇਣੇ ਚਾਹੀਦੇ ਹਨ ਨਾ ਕਿ ਟਿਪਣੀਆਂ ਕਰਨੀਆਂ ਚਾਹੀਦੀਆਂ ਹਨ : ਛਾਬੜਾ

ਮੁਹਾਲੀ (ਨਵਜੋਤ ਸਿੰਘ ਧਾਲੀਵਾਲ, ਰਮਨਦੀਪ ਕੌਰ ਸੈਣੀ): ਪੰਜਾਬ ’ਚ ਅਜੇ ਵੀ ਬਹੁਤੀਆਂ ਥਾਵਾਂ ’ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸਰਕਾਰ ਵਲੋਂ ਰਾਹਤ ਕਾਰਜ ਵੀ ਜਾਰੀ ਹਨ। ਇਸ ਦੌਰਾਨ ਪੰਜਾਬ ਦੇ ਇਸੇ ਹਾਲਾਤ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪੰਜਾਬ ਸਰਕਾਰ ’ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਪੰਜਾਬ ਵਿਚ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪਿੰਡਾਂ ਦੇ ਪਿੰਡ ਤਬਾਹ ਹੋ ਗਏ ਤੇ ਕਿਸਾਨਾਂ ਦੀ ਲੱਖਾਂ ਏਕੜ ਫ਼ਸਲਾਂ ਬਰਬਾਦ ਹੋ ਗਈਆਂ ਹਨ। ਸਿਆਸੀ ਪਾਰਟੀਆਂ ਅਸਲ ਮੁੱਦਿਆਂ ਨੂੰ ਛੱਡ ਕੇ ਸੌੜੀ ਬਿਆਨਬਾਜ਼ੀ ਕਰਨ ’ਤੇ ਉਤਰ ਆਈਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਦਿਨ ਇਕ ਬਿਆਨ ਦਿਤਾ ਸੀ ਕਿ ਜੇਕਰ ਪੰਜਾਬ ਸਤਲੁਜ-ਯਮੁਨਾ ਲਿੰਕ ਨਹਿਰ ਬਣਨ ਦਿੰਦਾ ਤਾਂ ਉਸ ਨੂੰ ਅੱਜ ਜੋ ਹੜ੍ਹ ਆਏ ਹਨ ਉਨ੍ਹਾਂ ਦੇ ਏਨੇ ਜ਼ਿਆਦਾ ਅਸਰ ਦਾ ਸਾਹਮਣਾ ਨਾ ਕਰਨਾ ਪੈਂਦਾ।

ਇਸੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਨੇ ਕਾਂਗਰਸ ਤੋਂ ਅੰਮ੍ਰਿਤਾ ਗਿੱਲ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਗੁਰਦੀਪ ਗੋਸ਼ਾ ਤੇ ਸਿਆਸੀ ਮਾਹਰ ਪ੍ਰਮੋਦ ਛਾਬੜਾ ਨਾਲ ਗੱਲਬਾਤ ਕੀਤੀ। ਭਾਜਪਾ ਦੇ ਗੁਰਦੀਪ ਗੋਸ਼ਾ ਨੇ ਕਿਹਾ, ‘‘ਪੰਜਾਬ ਦਾ ਪਾਣੀ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਦੂਜੀ ਗੱਲ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਕਿ ਪੰਜਾਬ ਵਿਚ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਹਨ, ਉਦੋਂ ਅਜਿਹੀ ਬਿਆਨਬਾਜ਼ੀ ਕਿਉਂ ਕਰਦੇ ਹਨ। ਭਗਵੰਤ ਮਾਨ ਕਹਿੰਦੇ ਸਨ ਕਿ ਘੱਗਰ ਦੇ ਬੰਨ੍ਹ ਪੱਕੇ ਕਰ ਦਿਤੇ ਫਿਰ ਪਾਣੀ ਕਿਥੋਂ ਆ ਗਿਆ?’’

ਗੁਰਦੀਪ ਗੋਸ਼ਾ ਨੇ ਐਸ.ਵਾਈ.ਐਲ. ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਅਸੀਂ ਐਸ.ਵਾਈ.ਐਲ. ਨਹੀਂ ਬਣਨ ਦੇਵਾਂਗੇ। ਮੁੱਖ ਮੰਤਰੀ ਖੱਟਰ ਦੇ ਐਸ.ਵਾਈ.ਐਲ. ਬਾਰੇ ਬਿਆਨ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਸਹਿਮਤ ਨਹੀਂ ਹਨ ਅਤੇ ਪੰਜਾਬ ਕੋਲ ਪਹਿਲਾਂ ਹੀ ਪਾਣੀ ਘੱਟ ਹੈ।  

ਦੂਜੇ ਪਾਸੇ ਅੰਮ੍ਰਿਤਾ ਗਿੱਲ (ਕਾਂਗਰਸ) ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਜਨਵਰੀ ’ਚ ਹੜ੍ਹਾਂ ਨਾਲ ਨਜਿੱਠਣ ਸਬੰਧੀ ਮੀਟਿੰਗ ਕੀਤੀ ਸੀ ਪਰ ਉਨ੍ਹਾਂ ਨੇ ਅਪਣੇ ਬੰਨ੍ਹ ਪੱਕੇ ਨਹੀਂ ਕੀਤੇ। ਪੰਜਾਬ ਸਰਕਾਰ ਨੇ ਨਹਿਰਾਂ ਤੇ ਘੱਗਰਾਂ ਵੱਲ ਕੋਈ ਧਿਆਨ ਨਹੀਂ ਦਿਤਾ। ਮੁੱਖ ਮੰਤਰੀ ਭਗਵੰਤ ਮਾਨ ਅਪਣੇ ਬਿਆਨਾਂ ’ਚ ਕਹਿੰਦੇ ਨੇ ਕਿ ਅਸੀਂ ਪੰਜਾਬ ਵਿਚ ਬੰਨ੍ਹ ਪੱਕੇ ਕਰ ਦਿਤੇ। ਹੁਣ ਬਿਆਨਬਾਜ਼ੀਆਂ ਹਾਸੋਹੀਣੀ ਗੱਲਾਂ ਕਰ ਰਹੇ ਹਨ ਕਿ ਹਰਿਆਣਾ ਜਿੰਨਾ ਮਰਜ਼ੀ ਪਾਣੀ ਲੈ ਲਵੇ। ਹਰਿਆਣਾ ਕਹਿੰਦਾ ਐਸਵਾਈਐਲ ਬਣੀ ਹੁੰਦੀ ਤਾਂ ਇਹ ਦਿਨ ਨਹੀਂ ਆਉਣੇ ਸੀ।

ਹਰਿਆਣਾ ’ਚ ਕਾਂਗਰਸ ਦੀ ਸਰਕਾਰ ਵੇਲੇ ਨਲਵੇ ਨਾਮਕ ਇਕ ਨਹਿਰ ਬਣਾਈ ਗਈ ਸੀ ਜਿਸ ਰਾਹੀਂ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਹੁੰਦੀ ਸੀ। ਜਦੋਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਬਣੇ ਉਨ੍ਹਾਂ ਨੇ ਖ਼ਤਮ ਕਰ ਦਿਤੀ। ਯਮੁਨਾ ਚ ਨਜਾਇਜ਼ ਮਾਈਨਿੰਗ ਕਾਰਨ ਹਰਿਆਣਾ ’ਚ ਹੋਰ ਵੀ ਹੜ੍ਹ ਆ ਗਏ। ਜਦੋਂ ਪੰਜਾਬ ਮੁਸੀਬਤ ਚ ਆਇਆ ਤਾਂ ਪਾਕਿਸਤਾਨ ਨੇ ਸਾਥ ਦਿਤਾ। ਜਿਨ੍ਹਾਂ ਨੇ ਅਪਣੇ 32 ਦਰਵਾਜ਼ੇ ਖੋਲ੍ਹ ਦਿਤੇ। ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਨੂੰ ਪਾਣੀਆਂ ਤੇ ਹੱਕ ਦਿਓ ਤੇ ਇਨ੍ਹਾਂ ਹੜ੍ਹਾਂ ਕਾਰਨ ਸਾਨੂੰ ਨੁਕਸਾਨ ਹੋ ਰਿਹਾ ਹੈ। ਹਰਿਆਣਾ ਕਹਿੰਦਾ ਕਿ ਸਾਨੂੰ ਐਸਵਾਈਐਲ ਬਣਾ ਕੇ ਦਿਓ।

ਸਿਆਸੀ ਮਾਹਿਰ ਪ੍ਰਮੋਦ ਛਾਬੜਾ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਕਹਿੰਦੇ ਹਨ ਕਿ ਸਾਡੇ ਕੋਲੋਂ ਜਿੰਨਾ ਮਰਜ਼ੀ ਪਾਣੀ ਲੈ ਲਓ। ਅਸੀਂ ਤਾਂ ਸਿਰਫ਼ ਦੇਣਾ ਜਾਣਦੇ ਹਾ। ਪੰਜਾਬ ਸੀਐਮ ਭਗਵੰਤ ਮਾਨ ਨੇ ਵੀ ਕਹਿ ਦਿਤਾ ਕਿ ਹਰਿਆਣਾ ਹੁਣ ਪੰਜਾਬ ਤੋਂ ਪਾਣੀ ਲੈ ਲਵੇ। ਅਜਿਹੀਆਂ ਬਿਆਨਬਾਜ਼ੀਆਂ ਕਰਨ ਨਾਲੋਂ ਇਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਕੁੱਝ ਕਮੀਆਂ ਰਹਿ ਗਈ ਸਨ ਤੇ ਆਉਣ ਵਾਲੇ ਸਮੇਂ ਚ ਅਜਿਹੀਆਂ ਕਮੀਆਂ ਨਹੀਂ ਆਉਣਗੀਆਂ। ਜੇਕਰ ਨਹਿਰਾਂ ਦੀਆਂ ਸਫਾਈ ਹੁੰਦੀ, ਕੱਚੀਆਂ ਨਹਿਰਾਂ ਨੂੰ ਪੱਕਾ ਕੀਤਾ ਹੁੰਦਾ ਤਾਂ ਅੱਜ ਪੰਜਾਬ ਡੁੱਬਦਾ ਨਾ। ਉਨ੍ਹਾਂ ਕਿਹਾ ਕਿ ਅਗਰ ਅੱਜ ਐਸਵਾਈਐਲ ਹੁੰਦੀ ਤਾਂ ਇਹ ਸਮਾਂ ਨਾ ਦੇਖਣਾ ਪੈਂਦਾ।
ਕਾਂਗਰਸ ਆਗੂ ਅੰਮ੍ਰਿਤਾ ਗਿੱਲ ਨੇ ਕਿਹਾ ਕਿ ਸਰਕਾਰ ਦੀਆਂ ਕੁਦਰਤ ਨਾਲ ਛੇੜਛਾੜ ਦੀਆਂ ਪਾਲਿਸੀਆਂ ਕਾਰਨ ਦੇਸ਼ ਵਿਚ ਹੜ੍ਹ ਆਉਂਦੇ ਹਨ। ਕੁਦਰਤ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਹਰਿਆਣਾ ਨੂੰ ਪੰਜਾਬ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਹਮੇਸ਼ਾ ਤੋਂ ਅਪਣੇ ਗੁਆਂਢੀ ਸੂਬੇ ਦੀ ਮਦਦ ਕਰਦਾ ਰਿਹਾ ਹੈ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਇਹ ਦਿਖਾਉਂਦੀ ਹੈ ਕਿ ਉਹ ਪੰਜਾਬ ਦੇ ਹਿਤੈਸ਼ੀ ਹਨ।

ਭਾਜਪਾ ਆਗੂ ਗੁਰਦੀਪ ਗੋਸ਼ਾ ਨੇ ਕਿਹਾ ਕਿ ਪੰਜਾਬ ਵਿਚ ਡਰੇਨਾਂ ਦੀ ਸਮੇਂ ਸਿਰ ਸਫ਼ਾਈ ਨਹੀਂ ਕੀਤੀ ਗਈ। ਸੂਏ ਬੰਦ ਕਰ ਕੇ ਕਲੋਨੀਆਂ ਕੱਟੀਆਂ ਗਈਆਂ ਹਨ। ਜਦੋਂ ਕੋਈ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਵੀ ਅਪਣਾ ਰੰਗ ਦਿਖਾ ਦਿੰਦੀ ਹੈ। ਕੇਂਦਰ ਸਰਕਾਰ ਨੇ ਪੰਜਾਬ ਲਈ 218 ਕਰੋੜ ਰੁਪਏ ਫੰਡ ਜਾਰੀ ਕੀਤੇ ਹਨ।

ਪ੍ਰਮੋਦ ਛਾਬੜਾ ਨੇ ਕਿਹਾ, ‘‘ਅਜਿਹੀਆਂ ਸਥਿਤੀਆਂ ਤੋਂ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਛੁਡਵਾਈਆਂ ਨਜਾਇਜ਼ ਜ਼ਮੀਨਾਂ ’ਤੇ ਛੱਪੜ ਬਣਾਏ ਜਾਣ। ਉਸ ਦਾ ਇਕ ਕਿਨਾਰਾ ਪੱਕਾ ਹੋਣਾ ਚਾਹੀਦਾ ਹੈ ਤੇ ਉਸ ਦੇ ਕੇਂਦਰ ਵਿਚ ਵਾਟਰ ਡਕਟਿੰਗ ਸਿਸਟਮ ਲਗਾਇਆ ਜਾਵੇ ਜਿਸ ਨਾਲ ਛੱਪੜ ਦਾ ਪਾਣੀ ਆਟੋਮੈਟਿਕ ਜ਼ਮੀਨ ਵਿਚ ਚਲਾ ਜਾਵੇਗਾ। ਇਸ ਨਾਲ ਸਾਡੇ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋਵੇਗਾ। ਇਸ ਨਾਲ ਇਹ ਪਾਣੀ ਸਾਡੇ ਲਈ ਤਬਾਹੀ ਨਾ ਬਣਕੇ ਅੰਮ੍ਰਿਤ ਸਾਬਤ ਹੋਵੇਗਾ।’’

ਪਾਣੀ ਨੂੰ ਸਟੋਰੇਜ਼ ਕਰ ਕੇ ਸੋਲਰ ਸਿਸਟਮ ਰਾਹੀਂ ਪਿੰਡਾਂ ਵਿਚ ਸਪਲਾਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੁਝਾਅ ਦੇਣੇ ਚਾਹੀਦੇ ਹਨ ਨਾ ਕਿ ਇੱਕ-ਦੂਜੇ ’ਤੇ ਟਿਪਣੀਆਂ ਕਰਨੀਆਂ ਚਾਹੀਦੀਆਂ ਹਨ।