ਬਾਗਬਾਨੀ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਨਾਖ ਮੁਕਾਬਲੇ ਵਿੱਚ ਅੰਮ੍ਰਿਤਸਰ ਦੇ ਕਿਸਾਨਾਂ ਨੇ ਮਾਰੀ ਬਾਜੀ
ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਰ ਰਹੀ ਹੈ ਠੋਸ ਉਪਰਾਲੇ- ਮੋਹਿੰਦਰ ਭਗਤ
ਚੰਡੀਗੜ੍ / ਅੰਮ੍ਰਿਤਸਰ: ਬਾਗਬਾਨੀ ਵਿਭਾਗ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਮਹਾਰਾਜਾ ਫਾਰਮ ਵਿਖੇ ਦੋ ਰੋਜਾ ਰਾਜ ਪੱਧਰੀ ਨਾਸ਼ਪਾਤੀ ਦਾ ਸ਼ੋਅ ਅਤੇ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਇਸ ਸ਼ੋਅ ਦਾ ਉਦਘਾਟਨ ਕੀਤਾ ।
ਇਸ ਮੌਕੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਾਗਬਾਨੀ ਖੇਤਰ ਦੇ ਵਿਕਾਸ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿਹਾ ਕਿ ਅੱਜ ਦਾ ਇਹ ਨਾਸ਼ਪਤੀ ਮੁਕਾਬਲਾ ਵੀ ਇਹਨਾਂ ਉਪਰਾਲਿਆਂ ਦਾ ਇੱਕ ਹਿੱਸਾ ਹੈ । ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ, ਪ੍ਰਦਰਸ਼ਨੀਆਂ, ਸੈਮੀਨਾਰ ਜਿੱਥੇ ਕਿਸਾਨ ਦੀ ਜਾਣਕਾਰੀ ਵਧਾਉਂਦੇ ਹਨ, ਉੱਥੇ ਉਹਨਾਂ ਦੇ ਵਪਾਰਕ ਸਬੰਧ ਵੀ ਬਣਦੇ ਹਨ ਜੋ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਇਸ ਵਾਰ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਰਹੀ ਹੈ ਅਤੇ ਇਸ ਨਾਲ ਸੂਬੇ ਦੇ ਬਾਗਬਾਨੀ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਮੌਕੇ ਬਾਗਬਾਨਾਂ ਵੱਲੋਂ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਬਾਗਬਾਨੀ ਮੰਤਰੀ ਅਤੇ ਡਾਇਰੈਕਟਰ ਬਾਗਬਾਨੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦਾ ਉਹਨਾਂ ਵੱਲੋਂ ਜਲਦ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ ਸ੍ਰੀ ਤਜਿੰਦਰ ਸਿੰਘ ਸੰਧੂ ਵੱਲੋਂ ਸਮਾਗਮ ਸਬੰਧੀ ਦੱਸਿਆ ਗਿਆ ਕਿ ਰਾਜ ਦੇ ਵੱਖ-ਵੱਖ ਜਿਲ੍ਹਿਆਂ ਤੋਂ ਬਾਗਬਾਨਾਂ ਵੱਲੋਂ ਵਧੀਆ ਮਿਆਰ ਅਤੇ ਉੱਚ ਗੁਣਵੱਤਾ ਦੇ ਨਾਸ਼ਪਾਤੀ ਫਲ ਅਤੇ ਫਲਾਂ ਤੋਂ ਤਿਆਰ ਫਲ ਪਦਾਰਥਾਂ ਦੀਆਂ 714 ਰੱਖੀਆਂ ਐਂਟਰੀਆਂ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਪਹਿਲੇ ਅਤੇ ਦੂਸਰੇ ਦਰਜੇ ਦੇ ਇਨਾਮ ਮੁੱਖ ਮਹਿਮਾਨ ਵੱਲੋਂ ਦਿੱਤੇ ਗਏ। ਇਸ ਮੁਕਾਬਲੇ ਵਿੱਚ ਜਿਲ੍ਹਾ ਅੰਮ੍ਰਿਤਸਰ 28 ਇਨਾਮ ਪ੍ਰਾਪਤ ਕਰਕੇ ਪਹਿਲੇ ਨੰਬਰ ਤੇ ਰਿਹਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਬਾਗਬਾਨਾਂ ਨੂੰ ਨਾਸ਼ਪਾਤੀ ਦੀ ਕਾਸ਼ਤ ਅਤੇ ਮੰਡੀਕਰਨ ਬਾਰੇ ਪੀ.ਏ.ਯੂ. ਲੁਧਿਆਣਾ ਤੋਂ ਆਏ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਮਾਗਮ ਵਿੱਚ ਐਸ.ਡੀ.ਐਮ ਸ.ਗੁਰਸਿਮਰਨ ਸਿੰਘ ਢਿਲੋ, ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰੀ ਜਤਿੰਦਰ ਸਿੰਘ ਸੰਧੂ, ਸੁਖਪਾਲ ਸਿੰਘ, ਹਰਵਿੰਦਰ ਸਿੰਘ, ਤੇਜਬੀਰ ਸਿੰਘ, ਕਿਰਨਬੀਰ ਕੌਰ, ਹਰਪ੍ਰੀਤ ਕੌਰ (ਸਾਰੇ ਬਾਗਬਾਨੀ ਵਿਕਾਸ ਅਫਸਰ) ਅਤੇ ਮਨੀਸਟੀਰੀਅਲ ਅਤੇ ਫੀਲਡ ਸਟਾਫ ਵੱਲੋਂ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਅਹਿਮ ਯੋਗਦਾਨ ਪਾਇਆ ।