ਸੜਕ ਹਾਦਸੇ 'ਚ ਨੌਜਵਾਨ ਅਤੇ ਔਰਤ ਦੀ ਮੌਤ
ਨੇੜਲੇ ਪਿੰਡ ਦੱਧਾਹੂਰ ਵਿਖੇ ਲੁਧਿਆਣਾ ਬਠਿੰਡਾ ਮਾਰਗ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਇਕ ਔਰਤ ਮੌਤ ਤੇ ਇੱਕ ਦੇ ਗੰਭੀਰ ਰੂਪ ਵਿਚ ਜਖ਼ਮੀ..............
ਰਾਏਕੋਟ : ਨੇੜਲੇ ਪਿੰਡ ਦੱਧਾਹੂਰ ਵਿਖੇ ਲੁਧਿਆਣਾ ਬਠਿੰਡਾ ਮਾਰਗ 'ਤੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਨੌਜਵਾਨ ਅਤੇ ਇਕ ਔਰਤ ਮੌਤ ਤੇ ਇੱਕ ਦੇ ਗੰਭੀਰ ਰੂਪ ਵਿਚ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਕ ਆਲਟੋ ਕਾਰ ਨੰਬਰ ਪੀਬੀ-32ਐਕਸ-9637 ਜਿਸ ਵਿਚ ਦੋ ਵਿਅਕਤੀ ਅਤੇ ਇਕ ਔਰਤ ਸਵਾਰ ਸੀ ਰਾਏਕੋਟ ਤਰਫ਼ੋਂ ਬਰਨਾਲਾ ਸਾਈਡ ਨੂੰ ਜਾ ਰਹੇ ਸਨ, ਜਦੋਂ ਉਹ ਪਿੰਡ ਦੱਧਾਹੂਰ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਤੇਜ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੂਏ ਦੀ ਪੁਲੀ ਨਾਲ ਜਾ ਟਕਰਾਈ, ਟੱਕਰ ਇੰਨ੍ਹੀ ਜੋਰਦਾਰ ਸੀ ਕਿ ਇਸ ਹਾਦਸੇ ਵਿਚ ਕਾਰ ਦਾ ਡਰਾਈਵਰ ਵਾਲਾ ਪਾਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ।
ਮੌਕੇ ਤੇ ਪੁੱਜੇ ਚੌਂਕੀ ਇਚਾਰਜ ਜਲਾਲਦੀਵਾਲ ਏਐਸਆਈ ਸੱਈਦ ਸ਼ਕੀਲ ਵਲੋਂ ਰਾਹਗੀਰਾਂ ਦੀ ਸਹਾਇਤਾ ਨਾਲ ਕਾਰ 'ਚ ਫਸੇ ਵਿਅਕਤੀਆਂ ਨੂੰ ਬਾਹਰ ਕਢਿਆ ਗਿਆ। ਹਾਦਸੇ 'ਚ ਔਰਤ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਸਰੇ ਵਿਅਕਤੀ ਜੇਰੇ ਇਲਾਜ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਸੱਈਦ ਸ਼ਕੀਲ ਨੇ ਦੱਸਿਆ ਕਿ ਸੜਕ ਹਾਦਸੇ 'ਚ ਜਖ਼ਮੀ ਹੋਏ ਗੁਰਸ਼ਰਨ ਸਿੰਘ (28) ਅਤੇ ਮ੍ਰਿਤਕ ਕ੍ਰਿਸ਼ਨ ਕੁਮਾਰ (30) ਦੀ ਪਹਿਚਾਣ ਪਿੰਡ ਔੜ (ਨਵਾਂ ਸ਼ਹਿਰ) ਵਜੋਂ ਹੋਈ ਹੈ, ਜਦੋਂ ਕਿ ਮ੍ਰਿਤਕ ਔਰਤ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੀ ਪਹਿਚਾਣ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਦੀ ਜਾਵੇਗੀ।