300 ਫੁੱਟ ਦਾ ਝੰਡਾ ਲੈ ਕੇ ਪਟਿਆਲਾ ’ਚ ਸੀਐਮ ਨਿਵਾਸ ਘੇਰਨ ਪਹੁੰਚੇ ਭਾਜਪਾਈ, ਪੁਲਿਸ ਨੇ ਰੋਕਿਆ
ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਵਾਈਪੀਐਸ ਚੌਂਕ ਤੇ ਪ੍ਰਦਰਸ਼ਨ...
ਪਟਿਆਲਾ: ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੰ ਲੈ ਕੇ ਭਾਜਪਾ ਨੇ ਸੀਐਮ ਸਿਟੀ ਪਟਿਆਲਾ ਵਿਚ ਰੋਸ ਮਾਰਚ ਕੱਢਿਆ। ਭਾਜਪਾਈ 300 ਫੁੱਟ ਲੰਬਾ ਪਾਰਟੀ ਦਾ ਝੰਡਾ ਲੈ ਕੇ ਸੀਐਮ ਨਿਵਾਸ ਘੇਰਨ ਪਹੁੰਚੇ ਪਰ ਪੁਲਿਸ ਨੇ ਨਿਊ ਮੋਤੀ ਮਹਿਲ ਤੋਂ ਕਰੀਬ 50 ਮੀਟਰ ਪਹਿਲਾਂ ਹੀ ਰੋਕ ਲਿਆ।
ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਵਾਈਪੀਐਸ ਚੌਂਕ ਤੇ ਪ੍ਰਦਰਸ਼ਨ ਕਰ ਐਸਡੀਐਮ ਚਰਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਵਾਪਸ ਆਉਣ ਤੋਂ ਪਹਿਲਾਂ ਪ੍ਰਸ਼ਾਸ਼ਨ ਨੂੰ 21 ਅਗਸਤ ਤਕ ਦੋਸ਼ੀਆਂ ਤੇ ਕਾਰਵਾਈ ਕਰਨ ਦਾ ਅਲਟੀਮੇਟਮ ਵੀ ਦਿੱਤਾ। ਇਸ ਤੋਂ ਪਹਿਲਾਂ ਸਵੇਰੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਠੀਕਰੀਵਾਲਾ ਚੌਂਕ ਤੋਂ ਰੋਸ ਮਾਰਚ ਕੱਢਿਆ ਗਿਆ।
ਪਾਰਟੀ ਦੇ 5-5 ਮੈਂਬਰਾਂ ਦਾ ਜੱਥਾ ਬਣਾ ਕੇ ਝੰਡਾ ਚੁੱਕਿਆ ਗਿਆ। ਹੱਥਾਂ ਵਿਚ ਕਾਤਿਲਾਂ ਨੂੰ ਫੜਨ ਦਾ ਸਲੋਗਨ ਲਿਖੀਆਂ ਤਖ਼ਤੀਆਂ ਲੈ ਕੇ ਆਏ ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹਨਾਂ ਮੌਤਾਂ ਦਾ ਜਵਾਬ ਦੇਣਾ ਪਵੇਗਾ। ਭਾਜਪਾ ਦੀ ਸੂਬਾ ਸਕੱਤਰ ਸੁਖਵਿੰਦਰ ਕੌਰ ਨੌਲੱਖਾ ਨੇ ਕਿਹਾ ਕਿ ਸੈਂਕੜੇ ਲੋਕਾਂ ਦੀ ਮੌਤ ਹੋਣ ਦੇ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਜੇ 21 ਅਗਸਤ ਤੱਕ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਅਗਲਾ ਨਿਸ਼ਾਨਾ ਡੀਸੀ ਦਫਤਰ ਹੋਵੇਗਾ।
ਮਾਰਚ ਵਿੱਚ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਐਸ ਕੇ ਦੇਵ, ਸਾਬਕਾ ਜ਼ਿਲ੍ਹਾ ਮੁਖੀ ਬਲਵੰਤ ਰਾਏ, ਰਾਜਕੁਮਾਰ ਪਾਠੀ ਸਮੇਤ ਸਾਰੇ ਮੋਰਚਿਆਂ ਦੇ ਅਧਿਕਾਰੀ, ਜਨਰਲ ਸਕੱਤਰ, ਜ਼ਿਲ੍ਹਾ ਟੀਮ ਦੇ ਮੈਂਬਰ ਸ਼ਾਮਲ ਹੋਏ। ਦਸ ਦਈਏ ਕਿ ਹੋਰਨਾਂ ਸ਼ਹਿਰਾਂ ਵਿਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਭਾਜਪਾ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਭਾਜਪਾ ਨੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ’ਤੇ ਕਾਂਗਰਸ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਇਸ ’ਚ ਸ਼ਹਿਰੀ ਇਲਾਕੇ ਵਿੱਚ ਪੈਣ ਵਾਲੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਆਗਆਂ ਨੇ ਇਕਸਾਰ ਪ੍ਰਦਰਸ਼ਨ ਕੀਤਾ। ਭਾਜਪਾ ਆਗੂਆਂ ਨੇ ਪ੍ਰਦਰਸ਼ਨ ਦੌਰਾਨ ਸੱਤਾਧਾਰੀ ਕਾਂਗਰਸ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੰਜਾਬ ’ਚ ਵਿੱਕ ਰਹੀ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਭਾਜਪਾ ਨੇ ਸਾਫ਼ ਕਿਹਾ ਕਿ ਕੈਪਟਨ ਸਿਰਫ਼ ਆਪਣੀ ਗੱਲਾਂ ’ਚ ਕਾਰਵਾਈ ਕਰਨ ਦੇ ਸੁਪਨੇ ਵਿਖਾ ਰਹੇ ਹਨ, ਅਸਲ ’ਚ ਤਾਂ ਕਾਂਗਰਸੀ ਨੇਤਾ ਜ਼ਹਿਰੀਲੀ ਸ਼ਰਾਬ ਮਾਫ਼ੀਆ ਨੂੰ ਬਚਾਉਣ ’ਚ ਲੱਗੇ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।