ਹਰਿਆਣਵੀ ਆਗੂ ਦਾ ਬਿਆਨ, 'ਹਰਿਆਣਾ-ਪੰਜਾਬ ਦੇ ਕਿਸਾਨਾਂ ਨੂੰ ਵੱਖ ਕਰਨ ਲਈ BJP ਰਚ ਰਹੀ ਸਾਜ਼ਿਸ਼ਾਂ'
ਹਰਿਆਣਾ ਦੇ ਕਿਸਾਨ ਵੀ ਨਿਸ਼ਾਨ ਸਾਹਿਬ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਨੂੰ ਵੀ ਨਿਸ਼ਾਨ ਸਾਹਿਬ ਤੋਂ ਕੋਈ ਦਿਕੱਤ ਨਹੀਂ ਹੈ।
ਚੰਡੀਗੜ੍ਹ: ਕਿਸਾਨੀ ਅੰਦੋਲਨ ਨੂੰ ਸ਼ੁਰੂ ਹੋਇਆਂ ਨੂੰ ਇੰਨੇ ਮਹੀਨੇ ਬੀਤ ਗਏ ਹਨ, ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਕੁੱਝ ਸਮੇਂ ਤੋਂ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਵੀ ਰੁਕੀ ਹੋਈ ਹੈ। ਇਸ ਦੌਰਾਨ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਸੁਰੇਸ਼ ਕੌਥ ਨੇ ਅੱਜ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ, ਜਿਸ ’ਚ ਉਨ੍ਹਾਂ ਨੇ ਅੰਦੋਲਨ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਬਾਰੇ ਖੁੱਲ ਕੇ ਦੱਸਿਆ।
ਸੁਰੇਸ਼ ਕੌਥ ਨੇ ਪੰਜਾਬ ਹਰਿਆਣਾ ਦੇ ਭਾਈਚਾਰੇ ਨੂੰ ਲੈ ਕੇ ਦੱਸਿਆ ਕਿ, “ਬਚਪਨ ਤੋਂ ਅਸੀਂ ਇਹੋ ਸੁਣਦੇ ਆ ਰਹੇ ਹਾਂ ਕਿ ਪੰਜਾਬ ਸਾਡਾ ਹਿੱਸਾ ਨਹੀਂ ਦੇ ਰਿਹਾ, ਸਾਡੇ ਹਿੱਸੇ ਦਾ ਪਾਣੀ ਨਹੀਂ ਦੇ ਰਿਹਾ। ਜਿਸ ਕਾਰਨ ਤਣਾਅ ਵੀ ਰਹੇ ਪਰ ਅਚਾਨਕ ਇਕ ਕਾਨੂੰਨ ਲਿਆਇਆ ਜਾਂਦਾ ਹੈ, ਜਿਸ ‘ਚ ਦੋ ਭਰਾ, ਪੰਜਾਬ ਅਤੇ ਹਰਿਆਣਾ ਦੋਵਾਂ ਦਾ ਹੀ ਗਲ ਵੱਢਿਆ ਜਾ ਰਿਹਾ ਹੈ ਤਾਂ ਦੋਨਾਂ ਸੂਬਿਆਂ ਦਾ ਭਾਈਚਾਰਾ ਹੋਰ ਵੀ ਮਜ਼ਬੂਤ ਹੋ ਗਿਆ ਅਤੇ ਹੁਣ ਇਹ ਭਾਈਚਾਰਾ ਬਹਤੁ ਹੀ ਅੱਗੇ ਵੱਧ ਚੁੱਕਾ ਹੈ। ਹਾਲਾਂਕਿ ਕੋਰਟ ਵਿਚ ਇਹ ਕਿਹਾ ਗਿਆ ਕਿ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ ਹੈ, ਪਰ ਸਾਡੇ ਮੁੱਖ ਮੰਤਰੀ ਸਿਰਫ਼ ਰਾਜਨੀਤਿਕ ਭਾਸ਼ਾ ਵਰਤਦੇ ਹਨ ਅਤੇ ਹਰਿਆਣਾ ਦੇ ਕਿਸੇ ਮੁੱਖ ਮੰਤਰੀ ‘ਚ ਇੰਨੀ ਹਿੰਮਤ ਨਹੀਂ ਹੋਈ ਕਿ ਜਾ ਕੇ ਪੰਜਾਬ ਨੂੰ ਅਪੀਲ ਕੀਤੀ ਜਾਵੇ।
ਅੰਦੋਲਨ 'ਚ ਫੁੱਟ ਪਾਉਣ ਲਈ ਸਰਕਾਰ ਦੀਆਂ ਕੋਝੀਆਂ ਨੀਤੀਆਂ-
ਕੇਂਦਰ ਸਰਕਾਰ ਦੀਆਂ ਸਾਜਿਸ਼ਾਂ ਬਾਰੇ ਗੱਲ ਕਰਦੇ ਹੋਏ ਸੁਰੇਸ਼ ਕੌਥ ਨੇ ਕਿਹਾ ਕਿ, ਸਰਕਾਰ ਨੇ ਇਸ ਅੰਦੋਲਨ ਨੂੰ ਵੱਖ ਕਰਨ ਲਈ ਇਕ ਰਿਸਰਚ ਕਰਵਾਈ, ਜਿਸ ‘ਚ ਇਕ ਅਫ਼ਸਰ ਨੇ ਰਿਪੋਰਟ ਦਿੱਤੀ। ਇਸ ‘ਚ ਪਹਿਲਾਂ ਤਾਂ ਕਿਹਾ ਗਿਆ ਕਿ ਇਹ ਅੰਦੋਲਨ ਬਹੁਤ ਜ਼ਿਆਦਾ ਸੰਗਠਿਤ ਹੈ ਅਤੇ ਕਿਸਾਨ ਨੇਤਾ ਆਪਸ ਵਿਚ ਹੀ ਲੜ੍ਹ ਕੇ ਵੱਖ ਹੋ ਜਾਣਗੇ। ਦੂਸਰਾ ਇਹ ਕਿ ਕਿਸੀ ਵੀ ਅੰਦੋਲਨ ’ਚ ਕਾਮਰੇਡ ਸਾਥੀ ਹੋਵੇ ਤਾਂ ਉਹ ਅੰਦੋਲਨ ’ਤੇ ਕਬਜ਼ਾ ਕਰ ਲੈਂਦਾ ਹੈ। ਉਸ ਤੋਂ ਬਾਅਦ ਇਹ ਕਿ ਇਸ ਅੰਦੋਲਨ ’ਚ ਸਿੱਖ ਭਾਈਚਾਰਾ ਬਹੁਤ ਵੱਡੀ ਸੰਖਿਆ ‘ਚ ਹੈ ਅਤੇ ਪੰਜਾਬ ਦਾ ਇਕ ਇਤਿਹਾਸ ਰਿਹਾ ਹੈ ਕਿ ਲੰਮਾ ਅੰਦੋਲਨ ਚੱਲਣ ਤੋਂ ਬਾਅਦ ਧਾਰਮਿਕ ਨਾਅਰੇ ਲੱਗਣ ਲੱਗ ਜਾਣ ਨਾਲ ਅੰਦੋਲਨ ਖਰਾਬ ਹੋ ਜਾਵੇਗਾ। ਚੌਥਾ ਇਹ ਕਿ ਹਰਿਆਣਾ ‘ਚ ਲੰਮਾ ਅੰਦੋਲਨ ਚੱਲ ਜਾਂਦਾ ਤਾਂ ਉਹ ਜਾਟ ਅੰਦੋਲਨ ਬਣ ਜਾਂਦਾ ਹੈ।
ਉਨ੍ਹਾਂ ਇਸ ਬਾਰੇ ਦੱਸਦਿਆਂ ਕਿਹਾ ਕਿ ਹੁਣ ਸਚਾਈ ਇਸ ਤੋਂ ਉਲਟ ਹੈ। ਜੇਕਰ ਸਿੱਖ ਭਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਕਹਿੰਦੇ ਹਨ ਤਾਂ ਸਾਨੂੰ ਕੋਈ ਦਿਕੱਤ ਨਹੀਂ ਹੈ। ਨਾ ਹੀ ਸਾਨੂੰ ਨਿਸ਼ਾਨ ਸਾਹਿਬ ਤੋਂ ਕੋਈ ਦਿਕੱਤ ਹੈ, ਇਹ ਸਭ ਲੋਕਾਂ ਨੇ ਬਿਨ੍ਹਾਂ ਮਤਲਬ ਦੀ ਬਕਵਾਸ ਚਲਾ ਰੱਖੀ ਹੈ। ਕਈ ਵਾਰ ਇਕ ਨੇਤਾ ਦਾ ਵਿਚਾਰ ਗਲਤ ਹੁੰਦਾ ਹੈ ਤਾਂ ਸਭ ਉਸ ਨੂੰ ਮਿਲ ਕੇ ਰੋਕ ਦਿੰਦੇ ਹਨ ਅਤੇ ਇਸੇ ਤਰ੍ਹਾਂ ਅੰਦੋਲਨ ‘ਚ ਸੰਤੁਲਨ ਬਣਾਇਆ ਜਾਂਦਾ ਹੈ। ਇਹ ਅੱਜ ਵੀ ਉਹੀ ਪਵਿੱਤਰ ਕਿਸਾਨ ਅੰਦੋਲਨ ਹੈ ਜੋ 26 ਨਵੰਬਰ ਨੂੰ ਸੀ। ਇਕ ਲੀਡਰ ਨੇ ਜੇਕਰ ਕੁੱਝ ਬੋਲ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚੇ ਅੰਦਰ ਉਸ ’ਤੇ ਬਹੁਤ ਲੰਮੀ ਚਰਚਾ ਹੁੰਦੀ ਹੈ। ਜੇਕਰ ਇਕ ਫੈਸਲਾ ਸਾਡੇ ਹੱਕ ‘ਚ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਸ ਤੋਂ ਅਗਲਾ ਵੀ ਸਾਡੇ ਹੱਕ ‘ਚ ਹੋਵੇ।
26 ਜਨਵਰੀ ਦੀ ਘਟਨਾ ’ਤੇ ਬੋਲੇ ਸੁਰੇਸ਼ ਕੌਥ-
ਸੁਰੇਸ਼ ਕੌਥ ਉਸ ਘਟਨਾ ਬਾਰੇ ਦੱਸਦੇ ਹਨ ਕਿ, “26 ਜਨਵਰੀ ਨੂੰ ਪੋਲ ਦੇ ਉੱਤੇ ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਕੋਈ ਵੀ ਨਾਰਾਜ਼ ਨਹੀਂ ਸੀ। ਸਮੱਸਿਆ ਇਹ ਸੀ ਕਿ ਇਕ ਲੜਕਾ ਜਿਸਦੇ ਹੱਥ ਵਿਚ ਇਕ ਨਿਸ਼ਾਨ ਸਾਹਿਬ ਸੀ ਅਤੇ ਇਕ ਤਿਰੰਗਾ ਸੀ, ਉਸ ਦਾ ਤਿਰੰਗੇ ਨੂੰ ਹੇਠਾਂ ਸੁੱਟਣਾ ਇਕ ਸਮੱਸਿਆ ਸੀ। ਨਿਸ਼ਾਨ ਸਾਹਿਬ ਤੋਂ ਹਰਿਆਣੇ ਨੂੰ ਕੋਈ ਦਿਕੱਤ ਨਹੀਂ ਹੈ, ਨਾ ਹੀ ਹੋ ਸਕਦੀ ਹੈ। ਜੇਕਰ ਮੈ ਉਥੇ ਹੁੰਦਾ ਤਾਂ ਤਿਰੰਗਾ ਚੜ੍ਹਾਉਣ ਨੂੰ ਵੀ ਕਹਿੰਦਾ। ਜਿਹੜੇ ਸਾਥੀ ਅੰਦੋਲਨ ‘ਚ ਬੈਠੇ ਨੇ ਉਹ ਸਾਰੇ ਧਰਮਾਂ ਦੇ ਬੈਠੇ ਹਨ। ਇਹੀ ਨਹੀਂ ਸਾਡੀ ਸਟੇਜ ਦੇ ਉਪਰ ਸਭ ਤੋਂ ਪਹਿਲਾਂ ਹਨੁਮਾਨ ਚਾਲੀਸਾ ਪੜ੍ਹੀ ਜਾਂਦੀ ਹੈ, ਫਿਰ ਕੁਰਾਨ ਅਤੇ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਹੁੰਦਾ ਹੈ। ਧਰਮ ਇਕ ਵਿਅਕਤੀਗਤ ਵਿਸ਼ਾ ਹੈ। ਇਹ ਅੰਦੋਲਨ ਕਿਸਾਨ ਅੰਦੋਲਨ ਹੈ। ਸਾਡੇ ਸਿੱਖ ਭਰਾਵਾਂ ਨੂੰ ਬਦਨਾਮ ਦੀ ਕੋਸ਼ਿਸ਼ ਕਰਨਾ ਅਤੇ ਸਾਡੇ ਅੰਦੋਲਨ ਨੂੰ ਖਾਲਿਸਤਾਨੀ ਬਣਾਉਣ ਦੀ ਕੋਸ਼ਿਸ਼ ਕਰਨਾ, ਇਹ ਇਕ ਗੰਦੀ ਸੋਚ ਦਾ ਨਤੀਜਾ ਹੈ।"
ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅੰਦੋਲਨ ਨੂੰ ਸਿੱਖ ਭਰਾ ਲੀਡ ਕਰ ਰਹੇ ਹਨ। ਇਸ ਅੰਦੋਲਨ ‘ਚ ਸਾਨੂੰ ਕਿਸੇ ਚੀਜ਼ ਦੀ ਦਿਕੱਤ ਨਹੀਂ ਹੋਈ, ਸਿੰਘੂ ਬਾਰਡਰ ’ਤੇ ਹਰ ਸਮੇਂ ਲੰਗਰ ਚੱਲਦਾ ਹੈ, ਕਦੇ ਖਾਣੇ ਦੀ ਦਿਕੱਤ ਨਹੀਂ ਹੋਈ ਅਤੇ ਇਹ ਸਭ ਸਾਨੂੰ ਮਜ਼ਬੂਤੀ ਦੇ ਰਹੇ ਹਨ। ਉਨ੍ਹਾਂ ਵੱਖ-ਵੱਖ ਵਿਚਾਰਧਾਰਾਵਾਂ ’ਤੇ ਬੋਲਦੇ ਹੋਏ ਕਿਹਾ ਕਿ ਜਦ ਸਾਡਾ ਪ੍ਰਧਾਨ ਮੰਤਰੀ ਹੀ ਸਾਨੂੰ ਅੰਦੋਲਨਜੀਵੀ ਬੋਲ ਸਕਦਾ ਹੈ, ਉਨ੍ਹਾਂ ਦੀ ਕੈਬਨਿਟ ਤੋਂ ਸਾਨੂੰ ਕੋਈ ਮਵਾਲੀ ਬੋਲ ਸਕਦਾ ਹੈ ਤਾਂ ਆਮ ਆਦਮੀ ਕੀ ਸੋਚੇਗਾ। ਪਰ ਸਚਾਈ ਇਹ ਹੈ ਕਿ ਕਿਸਾਨ ਦੇ ਘਰ ਜਦ ਦੋ ਪੁੱਤ ਪੈਦਾ ਹੁੰਦੇ ਹਨ, ਇਕ ਫ਼ੌਜ ਵਿਚ ਜਾਂਦਾ ਹੈ ਤਾਂ ਦੂਜਾ ਖੇਤਾਂ ਵਿਚ ਕੰਮ ਕਰਦਾ ਹੈ। ਜਦ ਪੰਜਾਬ ਦੇ ਅੰਦਰ ਕੋਈ ਕਿਸਾਨ ਦਾ ਪੁੱਤ ਫ਼ੌਜ ’ਚੋਂ ਸ਼ਹੀਦ ਹੋ ਕੇ ਆਉਂਦਾ ਹੈ ਤਾਂ ਉਦੋਂ ਉਹ ਖਾਲਿਸਤਾਨੀ ਜਾਂ ਅੰਦੋਲਨਜੀਵੀ ਨਹੀਂ ਹੁੰਦਾ? ਉਨ੍ਹਾਂ ਕਿਹਾ ਕਿ ਇਹ ਸਾਨੂੰ ਬਦਨਾਮ ਕਰਨ ਦੀ ਇਕ ਬਹੁਤ ਹੀ ਗੰਦੀ ਸਾਜਿਸ਼ ਹੈ। ਇਹ RSS ਦੇ ਲੋਕ ਹਨ, ਇਨ੍ਹਾਂ ਦੀ ਵਿਚਾਰਧਾਰਾ ਇਕ ਅਲੱਗ ਤਰੀਕੇ ਦੀ ਹੈ। ਜਿਸ ਤਰ੍ਹਾਂ ਮੁਹੰਮਦ ਅਲੀ ਜਿਨਾਹ ਨੇ ਗਲਤੀ ਕੀਤੀ ਅਤੇ ਧਾਰਮਿਕ ਨਾਅਰੇ ਲਗਾ ਕੇ ਦੇਸ਼ ਨੂੰ ਤੋੜ ਦਿੱਤਾ, ਅੱਜ ਉਹੀ ਗਲਤੀ RSS ਵੀ ਕਰ ਰਹੀ ਹੈ।
ਰਾਜਨੀਤੀ ਨੂੰ ਅੰਦੋਲਨ 'ਚ ਕਿਉਂ ਕੀਤਾ ਜਾ ਰਿਹਾ ਸ਼ਾਮਲ-
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਕਿਸਾਨ ਸੰਗਠਨ ਹਨ ਉਹ ਬੈਨ ਨਹੀਂ ਹਨ, ਪਰ ਜਿਹੜੇ ਰਾਜਨੀਤੀ ਦੇ ਫਰੰਟਲਾਈਨ ਵਿਚ ਹਨ, ਚਾਹੇ ਉਹ ਅਕਾਲੀ ਦਲ ਹੈ ਜਾਂ ਕਾਂਗਰਸ ਤਾਂ ਉਹਨਾਂ ਨੂੰ ਸ਼ਾਮਲ ਹੋਣ ਨਹੀਂ ਦਿੱਤਾ ਜਾਂਦਾ। ਜਦ ਵਿਰੋਧੀ ਪਾਰਟੀਆਂ ਦਾ ਉਨ੍ਹਾਂ ਨੂੰ ਸਮਰਥਨ ਕਰਨ ਦੀ ਗੱਲ ਆਈ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਗਲਤ ਹੈ, ਵਿਰੋਧੀਆਂ ਦਾ ਕੰਮ ਹੈ ਮੁੱਦਾ ਚੁੱਕਣਾ। ਵਿਰੋਧੀ ਪਾਰਟੀਆਂ ਦੀ ਨਜ਼ਰ ‘ਚ ਅੰਦੋਲਨ ਦਾ ਸਾਥ ਦੇਣਾ ਮਤਲਬ ਵੋਟ ਲੈਣਾ ਹੈ ਅਤੇ ਸਾਡੇ ਲਈ ਕਿਸਾਨਾਂ ਦਾ ਇਹ ਅੰਦੋਲਨ ਜਿੱਤਣਾ ਅਤੇ ਆਪਣੇ ਘਰ ਵਾਪਸ ਜਾਣਾ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਇਸ ਲਈ ਸਿਰਫ਼ ਭਾਜਪਾ ਹੀ ਨਹੀਂ ਜ਼ਿੰਮੇਵਾਰ, 2012 ਵਿਚ ਕਾਂਗਰਸ ਸਰਕਾਰ ਦੇ ਵੇਲੇ ਵੀ 2 ਬਿੱਲ ਲਿਆਂਦੇ ਜਾ ਰਹੇ ਸਨ। ਪਰ ਫ਼ਰਕ ਇੰਨਾ ਹੈ ਕਿ ਉਸ ਵਕਤ ਦੀ ਸਰਕਾਰ ਗੱਲਬਾਤ ਕਰਦੀ ਸੀ ਅਤੇ ਜ਼ਿਆਦਾ ਵਿਰੋਧ ਕਰਨ ’ਤੇ ਬਿੱਲ ਪੈਂਡਿੰਗ ਵਿਚ ਪਾ ਦਿੰਦੀ ਸੀ ਪਰ ਪੀਐਮ ਮੋਦੀ ਵਿਚ ਘੁਮੰਡ ਆ ਗਿਆ ਹੈ। ਮੋਦੀ ਇਸ ਦੇਸ਼ ਦਾ ਪੀਐਮ ਨਹੀਂ ਮੋਦੀ ਸਿਰਫ਼ ਕਾਰਪੋਰੇਟਾਂ ਦਾ ਪੀਐਮ ਹੈ।
ਸਰਕਾਰ ਘੁਮੰਡ ‘ਚ ਅੰਨ੍ਹੀ ਹੋਈ, ਉਨ੍ਹਾਂ ਨੂੰ ਰਸਤਾ ਦਿਖਾਈ ਨਹੀਂ ਦੇ ਰਿਹਾ- ਸੁਰੇਸ਼ ਕੌਥ
ਸੁਰੇਸ਼ ਕੌਥ ਅੱਗੇ ਕਹਿੰਦੇ ਹਨ ਕਿ ਅਸੀਂ ਵਾਰ-ਵਾਰ ਦਿੱਲੀ ਦੇ ਬਾਰਡਰ ’ਤੇ ਬੈਠ ਕੇ ਸਰਕਾਰ ਨੂੰ ਯਾਦ ਕਰਵਾ ਰਹੇ ਹਾਂ ਕਿ ਕਿਸਾਨ ਆਪਣੇ ਹੱਕਾਂ ਲਈ ਬੈਠਾ ਹੈ, ਪਰ ਸਾਡਾ ਪੀਐਮ ਸਿਰਫ਼ ਰਾਜਨੀਤਿਕ ਭਾਸ਼ਾ ਸਮਝਦਾ ਹੈ। ਭਾਜਪਾ ਨੂੰ ਹਰਾਉਣਾ ਸਾਡੀ ਮਜਬੂਰੀ ਹੈ ਪਰ ਮਕਸਦ ਇਹ ਹੈ ਕਿ ਤਿੰਨੋ ਕਾਨੂੰਨ ਵਾਪਸ ਲਏ ਜਾਣ ਅਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ। ਪਰ ਸਰਕਾਰ ਘੁਮੰਡ ‘ਚ ਇੰਨੀ ਅੰਨ੍ਹੀ ਹੋਈ ਹੈ ਕਿ ਉਨ੍ਹਾਂ ਨੂੰ ਰਸਤਾ ਦਿਖਾਈ ਨਹੀਂ ਦੇ ਰਿਹਾ, ਉਹ ਵਾਰ-ਵਾਰ ਸਾਨੂੰ ਪੁੱਛਦੇ ਹਨ ਕਿ ਰਸਤਾ ਕੀ ਹੈ। ਅਸੀਂ ਇਸ ਅੰਦੋਲਨ ਤੋਂ ਪਿੱਛੇ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਸਾਡੀ ਫਸਲ-ਨਸਲ ਦੀ ਲੜ੍ਹਾਈ ਹੈ, ਪਰ ਮੋਦੀ ਇਸ ਲਈ ਪਿੱਛੇ ਨਹੀਂ ਜਾ ਰਿਹਾ ਕਿਉਂਕਿ ਉਸ ਦਾ ਘੁਮੰਡ ਟੁੱਟ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਵਾਰ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾ ਸਕਦੇ, ਤਾਂ ਅਸੀਂ ਜਵਾਬ ਦਿੱਤਾ ਕਿ, “ਠੀਕ ਹੈ ਅੰਦੋਲਨ ਲੰਮਾ ਚੱਲੇਗਾ, ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾ ਸਕਦੇ ਪਰ ਕਾਨੂੰਨ ਬਣਾਉਣ ਵਾਲੇ ਤਾਂ ਬਦਲੇ ਜਾ ਸਕਦੇ ਹਨ। ਸਰਕਾਰ ਨੂੰ ਕਿਸੇ ਵੀ ਵਹਿਮ ‘ਚ ਨਹੀਂ ਰਹਿਣਾ ਚਾਹੀਦਾ। ਇਹ ਕਿਸੇ ਦੇ ਬਾਪ-ਦਾਦਾ ਦਾ ਦੇਸ਼ ਨਹੀਂ ਹੈ, ਇਹ ਲੋਕਤੰਤਰ ਹੈ।" ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਰਾਜਨੀਤੀ ਵਿਚ ਪੈ ਕੇ ਆਪਣਾ ਅੰਦੋਲਨ ਖ਼ਰਾਬ ਨਹੀਂ ਕਰਨਾ ਚਾਹੀਦਾ ਹੈ। ਇਕ ਅੰਦੋਲਨ ਦੁਆਰਾ ਕਿਸਾਨਾਂ ਦੀ ਗੱਲ ਕਰਨਾ ਅਤੇ ਰਾਜਨੀਤੀ ਦੁਆਰਾ ਕਿਸਾਨਾਂ ਦੀ ਗੱਲ ਕਰਨਾ 2 ਅਲਗ ਗੱਲਾਂ ਹਨ।