'ਆਪ' ਸਿਹਤ ਸੇਵਾਵਾਂ ਦੇ ਨਾਂ 'ਤੇ ਕਰ ਰਹੀ ਹੈ ਸਸਤੀ ਰਾਜਨੀਤੀ - ਤਰੁਣ ਚੁੱਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਯੁਸ਼ਮਾਨ ਸਹੂਲਤਾਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਆਪ-  ਚੁੱਘ

tarun chugh

 

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ‘ਆਪ’ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਬਣਾਏ ਗਏ ‘ਮੁਹੱਲਾ ਕਲੀਨਿਕ’ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਤੋਂ ਮੌਜੂਦ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਬਜਾਏ 'ਆਪ' ਸਰਕਾਰ ਸਿਰਫ਼ ਸਿਹਤ ਸੇਵਾਵਾਂ ਦਾ ਸਿਆਸੀਕਰਨ ਕਰ ਰਹੀ ਹੈ ਅਤੇ ਸਰਕਾਰੀ ਸਿਹਤ ਕਲੀਨਿਕਾਂ ਨੂੰ ਆਮ ਆਦਮੀ ਕਲੀਨਿਕਾਂ ਦਾ ਨਾਂ ਦੇ ਕੇ ਸਰਕਾਰੀ ਖਜ਼ਾਨੇ ਦੀ ਸਿਆਸੀ ਵਰਤੋਂ ਕਰ ਰਹੀ ਹੈ।

'ਆਪ' ਸਰਕਾਰ ਨੂੰ ਪਾਰਟੀ ਦੇ ਨਾਂ 'ਤੇ ਕਲੀਨਿਕ ਖੋਲ੍ਹਣ ਦੀ ਬਜਾਏ ਸੂਬੇ ਦੇ 500 ਤੋਂ ਵੱਧ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 64 ਸਰਕਾਰੀ ਹਸਪਤਾਲਾਂ, ਜਿੱਥੇ ਦਵਾਈਆਂ ਅਤੇ ਡਾਕਟਰੀ ਦੇਖਭਾਲ ਦੀਆਂ ਬੁਨਿਆਦੀ ਸਹੂਲਤਾਂ ਦੀ ਬੁਰੀ ਤਰ੍ਹਾਂ ਘਾਟ ਹੈ, ਉਹਨਾਂ ਵਿਚ ਪਹਿਲਾਂ ਤੋਂ ਮੌਜੂਦ 500 ਤੋਂ ਵੱਧ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 64 ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਦੇ ਸੁਧਾਰ ਲਈ ਫੰਡਾਂ ਨੂੰ ਮੋੜਨਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਡਾਕਟਰਾਂ ਦੀਆਂ 4400 ਅਸਾਮੀਆਂ ਵਿੱਚੋਂ ਅੱਧੇ ਤੋਂ ਵੱਧ ਖਾਲੀ ਪਈਆਂ ਹਨ, ਜਿਸ ਕਾਰਨ ਸੂਬੇ ਵਿਚ ਜ਼ਿਆਦਾਤਰ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਚੁੱਘ ਨੇ ਕਿਹਾ ਕਿ ਆਯੁਸ਼ਮਾਨ ਯੋਜਨਾ ਤਹਿਤ ਗੰਭੀਰ ਬਿਮਾਰੀਆਂ ਤੋਂ ਪੀੜਤ ਹਜ਼ਾਰਾਂ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਜਿਸ ਦੇ ਤਹਿਤ ਮੋਦੀ ਸਰਕਾਰ ਚਾਰ ਲੱਖ ਰੁਪਏ ਤੱਕ ਦੇ ਰਹੀ ਹੈ। ਸਰਕਾਰ ਦੇ ਆਮ ਆਦਮੀ ਕਲੀਨਿਕ ਲੋਕਾਂ ਦਾ ਧਿਆਨ ਆਯੁਸ਼ਮਾਨ ਯੋਜਨਾ ਤੋਂ ਹਟਾਉਣ ਲਈ 'ਆਪ' ਸਰਕਾਰ ਦੀ ਨਾਪਾਕ ਚਾਲ ਹੈ। 

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੀਜੀਆਈ ਵਿਚ ਇਲਾਜ ਕਰਵਾ ਰਹੇ ਪੰਜਾਬ ਦੇ ਮਰੀਜ਼ਾਂ ਲਈ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਆਯੂਸ਼ਮਾਨ ਫੰਡਾਂ ਨੂੰ ਰੋਕਿਆ ਹੈ, ਇਹ ਬਹੁਤ ਹੀ ਨਿੰਦਣਯੋਗ ਹੈ। ਜਦੋਂ ਕਿ ਮੁਹੱਲਾ ਕਲੀਨਿਕਾਂ ਦਾ ਮਤਲਬ ਸਿਆਸੀ ਮੁਫਾਦਾਂ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸਿਹਤ ਸੇਵਾਵਾਂ ਦੇ ਨਾਂ 'ਤੇ ਸਸਤੀ ਰਾਜਨੀਤੀ ਕਰ ਰਹੀ ਹੈ ਜੋ ਕਿ ਨਿੰਦਣਯੋਗ ਹੈ।