11 ਹਜ਼ਾਰ ਪਿੱਛੇ ਔਰਤ ਨੇ ਗੁਆਂਢੀ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ 'ਚ ਹੋਏ ਇਕ ਬਜ਼ੁਰਗ ਦੇ ਕਤਲ ਪਿੱਛੇ 11 ਹਜ਼ਾਰ ਰੁਪਏ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਹੈ...........

SSP Nanak Singh in Bathinda Giving details of the case of murder

ਬਠਿੰਡਾ : ਤਿੰਨ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ 'ਚ ਹੋਏ ਇਕ ਬਜ਼ੁਰਗ ਦੇ ਕਤਲ ਪਿੱਛੇ 11 ਹਜ਼ਾਰ ਰੁਪਏ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪਤਾ ਲੱਗਾ ਹੈ ਕਿ ਗੁਆਂਢਣਾਂ ਨੇ ਹੀ ਇਕ ਵਿਅਕਤੀ ਨੂੰ ਨਾਲ ਰਲਾ ਕੇ ਹਾਕਮ ਸਿੰਘ ਦਾ ਕਤਲ ਕੀਤਾ ਸੀ | ਹਾਲਾਂਕਿ ਮੁਲਜ਼ਮਾਂ ਨੇ ਕਤਲ ਤੋਂ ਬਾਅਦ ਪਹਿਲਾਂ ਇਸ ਘਟਨਾ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਲੁੱਟ ਖੋਹ ਦਾ ਮਾਮਲਾ ਬਣਾਉਣ ਲਈ ਉਸ ਦਾ ਮੋਬਾਈਲ ਫ਼ੋਨ ਵੀ ਨਾਲ ਲੈ ਗਏ | 

ਅੱਜ ਇਸ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦਸਿਆ ਕਿ ਲੰਘੀ 14 ਸਤੰਬਰ ਨੂੰ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਚ ਹਾਕਮ ਸਿੰਘ ਪੁੱਤਰ ਹਰਨਾਮ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਉਸ ਦੇ ਘਰ ਵਿਚ ਹੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਸੀ | ਕਾਤਲਾਂ ਨੇ ਇਸ ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਲਈ ਹਾਕਮ ਸਿੰਘ ਦੀ ਲਾਸ਼ ਨੂੰ ਸੜਕ ਉਪਰ ਸੁੱਟ ਦਿਤਾ ਸੀ | ਪਰ ਪੁਲਿਸ ਨੇ ਮਿ੍ਤਕ ਦੇ ਲੜਕੇ ਸੰਦੀਪ ਸਿੰਘ ਦੇ ਬਿਆਨ ਉਪਰ ਮੁਕੱਦਮਾ ਨੰਬਰ 182 ਮਿਤੀ 14.09.2018 ਅ/ਧ 302,34 ਆਈਪੀਸੀ ਥਾਣਾ ਨਥਾਣਾ ਦਰਜ ਰਜਿਸਟਰ ਕੀਤਾ ਗਿਆ ਸੀ |

ਇਸ ਤੋਂ ਇਲਾਵਾ ਇਸ ਮੁਕੱਦਮੇ ਦਾ ਖ਼ੁਰਾ ਖੋਜ ਲੱਭਣ ਲਈ ਐਸ.ਪੀ ਡੀ ਸਵਰਨ ਸਿੰਘ ਖੰਨਾ ਦੀ ਅਗਵਾਈ ਹੇਠ ਟੀਮ ਬਣਾਈ ਸੀ | ਇਸ ਟੀਮ ਵਿਚ ਸ਼ਾਮਲ ਸੀਆਈਏ ਸਟਾਫ਼-2 ਬਠਿੰਡਾ ਦੇ ਇੰਚਾਰਜ਼ ਤਰਜਿੰਦਰ ਸਿੰਘ ਵਲੋਂ ਕੇਸ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ 15-09-2018 ਨੂੰ ਮੁਕੱਦਮੇ ਵਿਚ ਰਾਮ ਸਿੰਘ ਉਰਫ਼ ਰਾਮ ਬਾਬਾ ਤੋਂ ਇਲਾਵਾ ਕਿਰਨਜੀਤ ਕੌਰ ਅਤੇ ਉਸ ਦੀ ਮਾਂ ਸੁਖਪਾਲ ਕੌਰ ਉਰਫ਼ ਗੁੱਡੀ ਨੂੰ ਨਾਮਜ਼ਦ ਕਰ ਲਿਆ ਸੀ | ਰਾਮ ਬਾਬਾ ਪਿੰਡ ਵਿਚ ਜਾਦੂ-ਟੂਣੇ ਦਾ ਕੰਮ ਕਰਦਾ ਹੈ ਜਦਕਿ ਕਿਰਨਜੀਤ ਕੌਰ ਤੇ ਉਸ ਦੀ ਮਾਂ ਵੀ ਦਿਹਾੜੀ-ਦੱਪਾ ਕਰਦੀਆਂ ਹਨ | 

ਕਤਲ ਬਾਰੇ ਐਸ.ਐਸ.ਪੀ. ਨੇ ਦਸਿਆ ਕਿ ਹਾਕਮ ਸਿੰਘ ਜਿਮੀਦਾਰਾਂ ਨਾਲ ਦਿਹਾੜੀ ਵਗੈਰਾ ਦਾ ਕੰਮ ਕਰਦਾ ਸੀ ਅਤੇ ਪੈਸੇ ਇਕੱਠੇ ਕਰ ਕੇ ਲੋਕਾਂ ਨੂੰ ਵਿਆਜ 'ਤੇ ਦੇ ਦਿੰਦਾ ਸੀ | ਮੁੱਖ ਮੁਲਜ਼ਮ ਕਿਰਨਜੀਤ ਕੌਰ, ਮਿ੍ਤਕ ਹਾਕਮ ਸਿੰਘ ਦੇ ਘਰ ਨੇੜੇ ਹੀ ਰਹਿੰਦੀ ਸੀ | ਕਿਰਨਜੀਤ ਕੌਰ ਨੇ ਵੀ ਰਾਮ ਸਿੰਘ ਬਾਬੇ ਨਾਲ ਸਕੀਮ ਬਣਾ ਕੇ ਇਕ ਜਾਅਲੀ ਸੋਨੇ ਦੀ ਚੇਨ ਮਿ੍ਤਕ ਹਾਕਮ ਸਿੰਘ ਕੋਲ ਗਹਿਣੇ ਰੱਖ ਕੇ ਉਸ ਕੋਲੋਂ ਦੋ ਮਹੀਨਿਆਂ ਲਈ 11000 ਰੁਪਏ ਵਿਆਜ 'ਤੇ ਲੈ ਲਏ |

ਜਦੋਂ ਮਿ੍ਤਕ ਹਾਕਮ ਸਿੰਘ ਨੂੰ ਕੁੱਝ ਸਮੇਂ ਬਾਅਦ ਪਤਾ ਲੱਗਾ ਕਿ ਇਹ ਸੋਨੇ ਦੀ ਚੇਨ ਜਾਅਲੀ ਹੈ ਤਾਂ ਉਸ ਨੇ ਕਿਰਨਜੀਤ ਕੌਰ ਕੋਲੋਂ ਅਪਣੇ ਪੈਸੇ ਵਾਪਸ ਮੰਗੇ ਅਤੇ ਨਾਲ ਹੀ ਡਰਾਵਾ ਦਿਤਾ ਕਿ ਜੇ ਉਹ ਪੈਸੇ ਨਹੀਂ ਦੇਵੇਗੀ ਤਾਂ ਉਹ ਨਕਲੀ ਸੋਨੇ ਦੀ ਚੈਨ ਵਿਚ ਉਸ ਵਿਰੁਧ ਪਰਚਾ ਦਰਜ ਕਰਵਾਵੇਗਾ | ਦੂਜੇ ਪਾਸੇ ਮੁਲਜ਼ਮ ਕਿਰਨਜੀਤ ਕੌਰ ਨੇ ਇਸ ਸਬੰਧੀ ਰਾਮ ਸਿੰਘ ਉਰਫ ਰਾਮ ਬਾਬਾ ਨਾਲ ਗੱਲ ਕੀਤੀ ਤੇ ਹਾਕਮ ਸਿੰਘ ਦਾ ਕਤਲ ਕਰਨ ਦੀ ਯੋਜਨਾ ਬਣਾਈ | ਇਨ੍ਹਾਂ ਯੋਜਨਾਬੱੱਧ ਤਰੀਕੇ ਨਾਲ ਹਾਕਮ ਸਿੰਘ ਦੇ ਘਰ ਜਾ ਕੇ ਲੋਹੇ ਦੀ ਰਾਡ ਨਾਲ ਉਸ ਦਾ ਕਤਲ ਕਰ ਦਿਤਾ |

ਬਾਅਦ ਵਿਚ ਕਿਰਨਜੀਤ ਕੌਰ ਅਤੇ ਉਸ ਦੀ ਮਾਂ ਸੁਖਪਾਲ ਕੌਰ ਉਰਫ਼ ਗੁੱਡੀ ਨੇ ਹਾਕਮ ਸਿੰਘ ਦੀ ਲਾਸ਼ ਪੱਲੀ ਵਿਚ ਪਾ ਕੇ ਅਪਣੇ ਘਰ ਲਿਆਂਦੀ | ਜਿਥੋਂ ਰਾਮ ਸਿੰਘ ਉਰਫ਼ ਰਾਮ ਬਾਬਾ ਨੇ ਲਾਸ਼ ਨੂੰ ਪੱਲੀ ਸਮੇਤ ਚੁੱਕ ਕੇ ਗੁਰਦੁਆਰਾ ਸਾਹਿਬ ਦੇ ਪਿੱੱਛੇ ਮਾਤਾ ਰਾਣੀ ਦੀ ਸਮਾਧ ਕੋਲ ਸੜਕ (ਫਿਰਨੀ) 'ਤੇ ਸੁੱਟ ਦਿਤੀ ਤਾਂ ਜੋ ਲੋਕਾਂ ਨੂੰ ਲੱਗੇ ਕਿ ਹਾਕਮ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ | ਐਸ.ਐਸ.ਪੀ. ਨੇ ਦਸਿਆ ਕਿ ਇਸ ਮਾਮਲੇ 'ਚ ਤਿੰਨੇ ਮੁਲਜ਼ਮ ਗਿ੍ਫ਼ਤਾਰ ਕਰ ਲਏ ਹਨ |