ਰਾਸ਼ਟਰਪਤੀ ਚਾਹੁਣ ਤਾਂ ਰੋਕੇ ਜਾ ਸਕਦੇ ਨੇ ਖੇਤੀ ਆਰਡੀਨੈਂਸ : ਬੈਂਸ 

ਏਜੰਸੀ

ਖ਼ਬਰਾਂ, ਪੰਜਾਬ

23 ਸਤੰਬਰ ਨੂੰ ਹੋਵੇਗੀ ਮੋਟਰਸਾਈਕਲ ਰੈਲੀ ਤੇ 24 ਨੂੰ ਪਾਰਲੀਮੈਂਟ ਦਾ ਘਿਰਾਓ

Balwinder Bains

ਚੰਡੀਗੜ੍ਹ - ਲੋਕ ਇਨਸਾਫ਼ ਪਾਰਟੀ ਦੇ ਨੇਤਾ ਬਲਵਿੰਦਰ ਸਿੰਘ ਬੈਂਸ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਖੇਤੀ ਆਰਡੀਨੈਂਸ ਖਿਲਾਫ਼ ਉਹਨਾਂ ਨੇ ਸਾਈਕਲ ਯਾਤਰਾ ਕੀਤੀ  ਤੇ ਉਸ ਸਮੇਂ ਸਰਕਾਰ ਨੇ ਉਹਨਾਂ ਤੇ 5 ਮੁਕੱਦਮੇ ਦਰਜ ਕੀਤੇ ਤੇ ਕਿਹਾ ਕਿ ਲੋਕ ਇਨਸਾਫ਼ ਪਾਟਰੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ

ਪਰ ਕੋਈ ਫਾਇਦਾ ਨਹੀਂ ਰਿਹਾ ਕਿਉਂਕਿ ਹੁਣ ਖੇਤੀ ਆਰਡੀਨੈਂਸ ਬਿੱਲ ਪਾਸ ਹੋ ਚੁੱਕੇ ਹਨ ਤੇ ਇਹ ਦਿਨ ਕਿਸਾਨਾਂ ਲਈ ਕਾਲਾ ਦਿਨ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ 'ਤੇ ਹੁਣ ਉਹ 23 ਸਤੰਬਰ ਨੂੰ 10 ਵਜੇ ਫ਼ਤਹਿਗੜ੍ਹ ਸਾਹਿਬ ਤੋਂ ਇਕ ਮੋਟਰ ਸਾਈਕਲ ਰੈਲੀ ਪੰਜਾਬ ਬਚਾਓ ਕਿਸਾਨ ਬਚਾਓ ਬੈਨਰ ਹੇਠ ਰੈਲੀ ਕੱਢਣਗੇ ਅਤੇ ਪਾਰਲੀਮੈਂਟ ਦਾ ਘਿਰਾਓ ਕਰਨਗੇ।

ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਇਸ ਬਿੱਲ 'ਤੇ ਦਸਤਖ਼ਤ ਨਾ ਕਰਨ ਤੇ ਕਿਸਾਨਾਂ ਦੀ ਜ਼ਿੰਦਗੀ ਬਚਾ ਲੈਣ। ਉਹਨਾਂ ਦੱਸਿਆ  ਕਿ ਇਹ ਰੈਲੀ 23 ਤਾਰੀਕ ਨੂੰ ਸ਼ੁਰੂ ਕੀਤੀ ਜਾਵੇਗੀ ਅਤੇ ਰਾਤ ਨੂੰ ਕਰਨਾਲ ਵਿਖੇ ਰੁਕੇਗੀ। 24 ਤਾਰੀਕ ਦੀ ਸਵੇਰ ਨੂੰ ਇਹ ਰੈਲੀ ਪਾਰਲੀਮੈਂਟ ਦਾ ਘਿਰਾਓ ਕਰੇਗੀ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਗੱਲਾਂ ਹੀ ਕਰ ਰਹੇ ਹਨ ਕਿਉਂਕਿ ਜਦੋਂ ਕਿਸਾਨ ਇਹਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਸ ਸਮੇਂ ਇਹਨਾਂ ਨੇ ਮਾਮਲੇ ਦਰਜ ਕੀਤੇ। ਬੈਂਸ ਨੇ ਕਿਹਾ ਕਿ ਕੱਲ਼੍ਹ ਤੱਕ ਤਾਂ ਅਕਾਲੀ ਦਲ ਆਰਡੀਨੈਂਸ ਦੇ ਹੱਕ ਵਿਚ ਸੀ ਪਰ ਹੁਣ ਕਿਸਾਨਾਂ ਦੇ ਹੱਕ ਵਿਚ ਆ ਕੇ ਉਹਨਾਂ ਨੇ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਲਿਆ ਤੇ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇ ਕਿ ਦੋਹਰੀ ਚਾਲ ਚੱਲੀ ਹੈ।