ਪੁਲਿਸ ਨਾਕੇ ਉਤੇ ਚੜ੍ਹਿਆ ਬੇਕਾਬੂ ਟਰਾਲਾ, ਵਾਲ-ਵਾਲ ਬਚੇ ਮੁਲਾਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨਾਕੇ ਉਤੇ ਚੜ੍ਹਿਆ ਬੇਕਾਬੂ ਟਰਾਲਾ, ਵਾਲ-ਵਾਲ ਬਚੇ ਮੁਲਾਜ਼ਮ

image

ਹਰੀਕੇ ਪੱਤਣ 18 ਸਤੰਬਰ (ਬਲਦੇਵ ਸਿੰਘ ਸੰਧੂ): ਹਰੀਕੇ ਨੇੜੇ ਦਰਿਆ ਦੇ ਪੁਲ ਦੇ ਨੇੜੇ ਨੈਸ਼ਨਲ ਹਾਈਵੇ ਨੰ: 54 ਦੇ ਨਵੇਂ ਬਾਈਪਾਸ ਵਾਲੇ ਮਾਝੇ-ਮਾਲਵੇ ਨੂੰ ਜੋੜਦੇ ਪੁਲ ਉਤੇ ਪੁਲਿਸ ਅਤੇ ਪੀਏਪੀ ਦੀ 75ਵੀਂ ਬਟਾਲੀਅਨ ਦੇ ਸਾਂਝੇ ਨਾਕੇ ਲਈ ਬਣੀ ਪੁਲਿਸ ਚੌਂਕੀ ਉਤੇ ਰਾਤ ਗਿਆਰਾਂ ਵਜੇ ਦੇ ਕਰੀਬ ਆ ਚੜ੍ਹੇ ਇਕ ਬੇਕਾਬੂ ਟਰਾਲੇ ਨੇ ਸਾਰੀ ਪੁਲਿਸ ਪੋਸਟ ਹੀ ਤਹਿਸ ਨਹਿਸ ਕਰ ਦਿਤੀ। ਸੂਰਤ ਗੜ੍ਹ ਰਾਜਸਥਾਨ ਤੋਂ ਸੀਮਿੰਟ ਲੈ ਕੇ ਬਟਾਲੇ ਜਾ ਰਹੇ ਬੇਧਿਆਨੇ ਟਰਾਲਾ ਚਾਲਕ ਕਾਰਨ ਹੋਏ ਹਾਦਸੇ ਵਿਚ ਜਿੱਥੇ ਪੁਲੀਸ ਦਾ ਮੋਟਰਸਾਈਕਲ,  ਇਕ ਰੈਕ ਅਤੇ ਰੈਕ ਵਿਚ ਪਈ ਐਸ.ਐਲ.ਆਰ., 2 ਕੁਰਸੀਆਂ, ਸੰਤਰੀ ਪੋਸਟ, ਆਰਜੀ ਗਾਰਦ ਰੂਮ, ਗੈਸ ਚੁੱਲ੍ਹਾ, ਖਾਣੇ ਵਾਲੀ ਮੈੱਸ ਆਦਿ ਬੁਰ੍ਹੀ ਤਰ੍ਹਾਂ ਨੁਕਸਾਨੇ ਗਏ।

image


   ਉਥੇ ਖ਼ੁਸ਼ਕਿਸਮਤੀ ਨਾਲ ਸਾਰੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਵਾਲ ਵਾਲ ਬਚ ਗਏ। ਜਦਕਿ ਨਾਕੇ ਉਤੇ ਮੁਸਤੈਦ ਸੰਤਰੀ ਪ੍ਰਗਟ ਸਿੰਘ ਨੇ ਟਰਾਲਾ ਚੜ੍ਹਿਆ ਆਉਂਦਾ ਦੇਖ ਰੌਲਾ ਪਾ ਕੇ ਸਾਥੀਆਂ ਨੂੰ ਸੁਚੇਤ ਕਰਨ ਦੇ ਨਾਲ-ਨਾਲ ਆਪਣੀ ਜਾਨ ਬਚਾਉਣ ਲਈ ਜਦੋਂ ਭਜਣਾ ਚਾਹਿਆ ਤਾਂ ਹਫ਼ੜਾ ਦਫ਼ੜੀ ਵਿਚ ਉਸ ਹੱਥੋਂ ਡਿੱਗੀ ਰਾਈਫ਼ਲ ਟਰਾਲੇ ਦੀ ਲਪੇਟ ਵਿਚ ਆ ਕੇ ਵਿੰਗੀ ਟੇਡੀ ਹੋ ਗਈ। ਸਵੇਰ ਵੇਲੇ ਹਾਦਸੇ ਵਾਲੀ ਥਾਂ ਉਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੇ ਜਦੋਂ ਉਥੇ ਖਿਲਰਿਆ ਸਮਾਨ ਇਕੱਠਾ ਕਰ ਰਹੇ ਟਰਾਲੇ ਦੇ ਸਹਿ ਚਾਲਕ ਕੋਲੋਂ ਐਕਸੀਡੈਂਟ ਦੇ ਕਾਰਨਾਂ ਬਾਬਤ ਜਾਣਕਾਰੀ ਲੈਣੀ ਚਾਹੀ ਤਾਂ ''ਬਾਬੂ ਜੀ ਹਮੇਂ ਕਿਆ ਪਤਾ ਕਿਆ ਹੂਆ, ਪੁਲਿਸ ਡਰਾਈਵਰ ਕੋ ਪਕੜ ਕਰ ਲੈ ਗਈ ਹੈ'' ਕਹਿ ਕੇ ਉਹ ਚੁੱਪ ਹੋ ਗਿਆ।


ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਗਾਰਦ ਇੰਚਾਰਜ ਮਨਜੀਤ ਸਿੰਘ ਏਐਸਆਈ, ਸਹਾਇਕ ਥਾਣੇਦਾਰਾਂ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਵਿਰਸਾ ਸਿੰਘ ਅਤੇ ਚਰਨਜੀਤ ਸਿੰਘ ਆਦਿ ਨੇ ਦਸਿਆ ਕਿ ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਟਹਿਲਣ ਲਈ ਅਜੇ ਦਸ ਕੁ ਫ਼ੁਟ ਦੂਰੀ ਉਤੇ ਹੀ ਗਏ ਸਨ। ਜਦਕਿ ਬਾਕੀ ਕਰਮਚਾਰੀ ਸੌਣ ਦੇ ਮਕਸਦ ਨਾਲ ਕਪੜੇ ਬਦਲ ਰਹੇ ਸਨ। ਇਸੇ ਦੌਰਾਨ ਬੇਕਾਬੂ ਟਰਾਲਾ ਚੌਂਕੀ ਵਲ ਚੜ੍ਹਿਆ ਆਉਂਦਾ ਦੇਖ ਮੁਸਤੈਦ ਸੰਤਰੀ ਵਲੋਂ ਪਾਏ ਰੌਲੇ ਕਾਰਨ ਸੱਭ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਅਪਣੀਆਂ ਜਾਨਾਂ ਬਚਾਈਆਂ।ਉਨ੍ਹਾਂ ਦਸਿਆ ਕਿ ਟਰਾਲਾ ਚਾਲਕ ਜਗਦੀਪ ਸਿੰਘ ਉਰਫ਼ ਬੂਟਾ ਪੁੱਤਰ ਤਰਸੇਮ ਸਿੰਘ ਵਾਸੀ ਮਧੀਰ ਥਾਣਾ ਕੋਟ ਭਾਈ ਜ਼ਿਲ੍ਹਾ ਮੁਕਸਤਰ ਸਾਹਿਬ ਵਿਰੁਧ ਥਾਣਾ ਮਖ਼ੂ ਵਿਖੇ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।