'ਨਹੀਂ ਰਿਹਾ ਪੰਜਾਬੀ ਸੂਬੇ ਲਈ ਜੇਲਾਂ ਕੱਟਣ ਵਾਲਾ ਬਾਪੂ ਸੰਤ ਸਿੰਘ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਨਹੀਂ ਰਿਹਾ ਪੰਜਾਬੀ ਸੂਬੇ ਲਈ ਜੇਲਾਂ ਕੱਟਣ ਵਾਲਾ ਬਾਪੂ ਸੰਤ ਸਿੰਘ'

ਬਾਪੂ ਸੰਤ ਸਿੰਘ।

ਇਟਲੀ, 18 ਸਤੰਬਰ: ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚੇ ਲਗਾਉਂਦਿਆ ਜੇਲਾਂ ਕੱਟਣ ਵਾਲੇ ਬਾਪੂ ਸੰਤ ਸਿੰਘ ਦਾ ਜਨਮ ਸ. ਹੀਰਾ ਸਿੰਘ ਦੇ ਘਰ ਪਾਕਿਸਤਾਨ 1939 ਵਿਚ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਬਾਪੂ ਜੀ ਦੇ ਮਾਤਾ ਪਿਤਾ ਅਤੇ ਹੋਰ ਕਈ ਰਿਸ਼ਤੇਦਾਰ ਮਾਰੇ ਗਏ। 8 ਸਾਲ ਦੀ ਉਮਰ ਵਿਚ ਭੈਣਾਂ ਭਰਾਵਾਂ ਨਾਲ ਅੰਮ੍ਰਿਤਸਰ ਕੈਂਪ ਵਿਚ ਆ ਪੁੱਜੇ। ਜਿੱਥੋਂ ਜੰਮੂ ਚਲੇ ਗਏ ਅਤੇ ਫਿਰ 1957 ਵਿਚ ਫਗਵਾੜਾ ਨੇੜਲੇ ਕਸਬਾ ਜੱਸੋਮਜਾਰਾ ਵਿਚ ਆਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਛੋਟੀ ਉਮਰ ਵਿਚ ਹੀ ਪੜ੍ਹਾਈ ਦੇ ਨਾਲ-ਨਾਲ ਗੁਰਦਵਾਰਾ ਸਾਹਿਬ ਵਿਚੋਂ ਗ੍ਰੰਥੀ ਸਿੰਘ ਦੀ ਡਿਊਟੀ ਸ਼ੁਰੂ ਕੀਤੀ ਅਤੇ ਅਪਣੀ ਉਮਰ ਦੇ 60 ਸਾਲ ਗੁਰੂ ਘਰ ਵਿਚ ਸੇਵਾ ਕਰਦਿਆਂ ਜੀਵਨ ਬਤੀਤ ਕੀਤਾ।

ਬਾਪੂ ਸੰਤ ਸਿੰਘ।


  ਅਪਣੇ ਇਲਾਕੇ ਦੇ ਸਾਥੀਆਂ ਨਾਲ ਪੰਜਾਬੀ ਸੂਬੇ ਲਈ ਲੱਗੇ ਮੋਰਚਿਆਂ ਵਿਚ ਕਈ ਵਾਰੀ ਜੇਲ ਵੀ ਗਏ। ਚੰਗੇ-ਮਾੜੇ ਹਾਲਾਤ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਗੁਰਬਾਣੀ ਨਾਲ ਜੁੜੇ ਪੰਥ ਦੇ ਭਲੇ ਦੀ ਅਰਦਾਸ ਕਰਨ ਵਾਲੇ ਬਾਪੂ ਸੰਤ ਸਿੰਘ ਅਤੇ ਪਰਵਾਰ ਨੇ ਜ਼ਿੰਦਗੀ ਵਿਚ ਕਈ ਉਤਰਾ ਚੜ੍ਹਾਅ ਵੇਖੇ। ਬਾਪੂ ਜੀ ਤੋਂ ਕਥਾ ਕੀਰਤਨ ਸਿੱਖਣ ਵਾਲੇ ਕਈ ਵਿਦਿਆਰਥੀ ਕੌਮ ਦੇ ਵਧੀਆਂ ਪ੍ਰਚਾਰਕਾਂ ਵਜੋਂ ਗੁਰਬਾਣੀ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਤਿੰਨੇ ਪੁੱਤਰ ਪਿਤਾ ਦੇ ਪਾਏ ਪੂਰਨਿਆਂ ਉਤੇ ਚਲਦੇ ਹੋਏ ਪੰਥ ਦੀ ਚੜ੍ਹਦੀ ਕਲ੍ਹਾਂ ਲਈ ਸੇਵਾਵਾਂ ਨਿਭਾਅ ਰਹੇ ਹਨ ।


  ਜਿੰਨਾਂ ਵਿਚੋਂ ਮਾਸਟਰ ਪਰਵਿੰਦਰ ਸਿੰਘ ਪਿੰਡ ਜੱਸੋਮਜਾਰਾ ਦੇ ਸਰਪੰਚ ਹੋਣ ਕਰ ਕੇ ਇਲਾਕੇ ਵਿਚ ਚੰਗਾ ਰੁਤਬਾ ਰੱਖਦੇ ਹਨ। ਉਨ੍ਹਾਂ ਦੇ ਦੂਜੇ ਪੁੱਤਰ ਭਾਈ ਮਨਜੀਤ ਸਿੰਘ (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ) ਦੇ ਮੁਢਲੇ ਮੈਂਬਰ ਵਜੋਂ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਬਣੀ ਕਮੇਟੀ ਨਾਲ ਮਿਲ ਕੇ ਸ਼ੰਘਰਸ ਕਰ ਰਹੇ ਹਨ ਅਤੇ ਹਰ ਪੰਥਕ ਕਾਰਜ ਲਈ ਅੱਗੇ ਹੋਕੇ ਜ਼ਿੰਮੇਵਾਰੀਆਂ ਨਿਭਾਉਦੇ ਹਨ।


   ਇਸ ਤਰ੍ਹਾਂ ਸੱਭ ਤੋਂ ਛੋਟਾ ਪੁੱਤਰ ਦਵਿੰਦਰ ਸਿੰਘ ਵੀ ਬੜੇ ਮਿਹਨਤੀ ਅਤੇ ਦਇਆਵਾਨ ਇਨਸਾਨ ਹਨ। 81 ਸਾਲ ਦੀ ਉਮਰ ਵਿਚ ਬਾਪੂ ਸੰਤ ਸਿੰਘ 29 ਅਗੱਸਤ ਦੇਰ ਸ਼ਾਮ ਨੂੰ ਸਾਨੂੰ ਸਾਰਿਆ ਨੂੰ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਜਿੰਨੀ ਦੀ ਅੰਤਮ ਅਰਦਾਸ ਲਈ ਰੱਖੇ ਆਖੰਠ ਪਾਠ ਦੇ ਭੋਗ 20 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਰੋਮ ਵਿਖੇ ਪੁਵਾਏ ਜਾਣ ਗਏ।