ਬੀਬੀ ਜਗੀਰ ਕੌਰ ਨੇ ਔਖੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੀ ਫੜੀ ਬਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਪਤਾ ਸਰੂਪਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਅਪਣੇ ਹੱਥਾਂ ਵਿਚ ਲਈ

bibi jagir kaur

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਔਖੇ ਸਮੇਂ ਵਿਚ ਕਮੇਟੀ ਦੀ ਬਾਂਹ ਫੜੀ ਹੈ। ਜਿਨ੍ਹਾਂ ਸਰੂਪਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਲਾਪਤਾ ਸਰੂਪ ਹਨ ਉਨ੍ਹਾਂ ਦੀ ਭਾਲ ਕਰਦੀ ਟੀਮ ਦੀ ਅਗਵਾਈ ਬੀਬੀ ਜਗੀਰ ਕੌਰ ਨੇ ਅਪਣੇ ਹੱਥ ਵਿਚ ਲੈ ਲਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਚਾਰਕਾਂ ਦੀ ਇਕ ਟੀਮ ਤਿਆਰ ਕਰ ਕੇ ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਭੇਜਣ ਦਾ ਫ਼ੈਸਲਾ ਲਿਆ ਸੀ। ਇਸ ਕਾਰਜ ਦੀ ਕਮਾਂਡ ਬੀਬੀ ਜਗੀਰ ਕੌਰ ਨੂੰ ਸੌਂਪੀ ਗਈ ਸੀ। ਬੀਬੀ ਜਗੀਰ ਕੌਰ ਨੇ ਕਈ ਥਾਵਾਂ 'ਤੇ ਪ੍ਰਚਾਰਕਾਂ ਨਾਲ ਜਾ ਕੇ ਉਥੇ ਮੌਜੂਦ ਸਰੂਪਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ।

ਅੱਜ ਵਿਸੇਸ਼ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਦਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਹੋ ਰਹੀ ਰਾਜਨੀਤੀ ਤੋਂ ਦੁਖੀ ਹਨ। ਉਨ੍ਹਾਂ ਮਹਿਸੂਸ ਕੀਤਾ ਕਿ ਕੁੱਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਵਰਤ ਕੇ ਸਿਆਸਤ ਖੇਡਣ ਵਿਚ ਮਸ਼ਰੂਫ਼ ਹਨ। ਜਦ ਭਾਈ ਲੌਂਗੋਵਾਲ ਨੇ ਪ੍ਰਚਾਰਕਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਹਨ ਤਾਂ ਉਨ੍ਹਾਂ ਬਤੌਰ ਸਿੱਖ ਫ਼ੈਸਲਾ ਲਿਆ ਕਿ ਉਹ ਖ਼ੁਦ ਵੀ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਪੂਰੀ ਜਾਣਕਾਰੀ ਹਾਸਲ ਕਰਨਗੇ।

ਉਨ੍ਹਾਂ ਕਿਹਾ ਕਿ ਸਾਨੂੰ ਇਸ ਕਾਰਜ ਵਿਚ ਸਫ਼ਲਤਾ ਮਿਲ ਰਹੀ ਹੈ।  ਬੀਬੀ ਜਗੀਰ ਕੌਰ ਨੇ ਦਸਿਆ ਕਿ ਕੁੱਝ ਗੁਰੂ ਘਰਾਂ ਵਿਚ ਅਤੇ ਕੁੱਝ ਲੋਕਾਂ ਦੇ ਨਿਜੀ ਘਰਾਂ ਵਿਚ ਜਾ ਕੇ ਅਸੀ ਉਥੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਪੂਰੀ ਜਾਣਕਾਰੀ ਹਾਸਲ ਕੀਤੀ।

ਸਾਨੂੰ ਪਤਾ ਲਗਾ ਹੈ ਕਿ ਇਹ ਮਾਮਲਾ ਲਾਪਤਾ ਹੋਣ ਦਾ ਨਹੀਂ ਬਲਕਿ ਭ੍ਰਿਸ਼ਟਾਚਾਰ ਦਾ ਹੈ। ਸਾਡੇ ਕੁੱਝ ਭ੍ਰਿਸ਼ਟ ਕਰਮਚਾਰੀਆਂ ਨੇ ਸਰੂਪ ਦੇ ਦਿਤੇ ਪਰ ਇਵਜ਼ ਵਿਚ ਲਈ ਭੇਟਾ ਦੀ ਰਸੀਦ ਨਹੀਂ ਦਿਤੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ ਸੰਜਮ ਤੋ ਕੰਮ ਲਿਆ ਜਾਵੇ।