ਜੇਕਰ ਅਸਤੀਫ਼ੇ ਨਾਲ ਬੇਅਦਬੀਆਂ ਰੁਕਦੀਆਂ ਹਨ ਤਾਂ ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ : ਜਥੇਦਾਰ ਰਘਬੀਰ ਸਿ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਅਸਤੀਫ਼ੇ ਨਾਲ ਬੇਅਦਬੀਆਂ ਰੁਕਦੀਆਂ ਹਨ ਤਾਂ ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ : ਜਥੇਦਾਰ ਰਘਬੀਰ ਸਿੰਘ

image

ਪੁਲਿਸ ਜਾਂਚ ਤੋਂ ਸੰਤੁਸ਼ਟੀ ਨਾ ਹੋਣ ਕਾਰਨ ਸੱਤ ਮੈਂਬਰੀ ਕਮੇਟੀ ਲਈ ਵਾਪਸ
 

ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਸੁਖਵਿੰਦਰਪਾਲ ਸਿੰਘ ਸੁੱਖੂ) : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚਲ ਰਹੀ ਪੁਲਿਸ ਜਾਂਚ ਤੋਂ ਸੰਗਤ ਸਤੁੰਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ। ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ ਲਈ ਬਣਾਈ ਸੱਤ ਮੈਂਬਰੀ ਕਮੇਟੀ ਨੂੰ ਵਾਪਸ ਲੈ ਰਹੇ ਹਨ ਅਤੇ ਭਵਿੱਖ ਵਿਚ ਸੰਗਤ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਿੱਖ ਜੱਥੇਬੰਦੀਆਂ ਨਾਲ ਹੋਈ ਮੀਟਿੰਗ ਤੋੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਸਮੁੱਚੇ ਮਾਮਲੇ ਦੇ ਦੋਸ਼ੀ ਪਰਮਜੀਤ ਸਿੰਘ ਦੀ ਕੋਝੀ ਹਰਕਤ ਨੂੰ ਦਿਮਾਗੀ ਪ੍ਰੇਸ਼ਾਨੀ ਵਲ ਲੈ ਕੇ ਜਾ ਰਹੀ ਹੈ। ਜਦਕਿ ਇਸ ਪਰਵਾਰ ਦੀਆਂ ਤਾਰਾਂ ਡੇਰਾ ਸਰਸਾ ਨਾਲ ਜੁੜੀਆਂ ਹਨ। ਇਹ ਜੱਗ ਜ਼ਾਹਰ ਹੋ ਚੁੱਕਾ ਹੈ। ਹੋਰ ਤਾਂ ਹੋਰ ਪਰਮਜੀਤ ਸਿੰਘ ਦੇ ਪਿਤਾ ਵਲੋਂ ਡੇਰਾ ਪ੍ਰੇਮੀ ਹੋਣ ਦੇ ਬਾਵਜੂਦ ਨਸ਼ੇ ਦਾ ਬਹਾਨਾ ਬਣਾ ਕੇ ਦੋਸ਼ੀ ਪਰਮਜੀਤ ਸਿੰਘ ਨੂੰ ਇਕ ਗੁਰਮਤਿ ਵਿਦਿਆਲਾ ਵਿਚ ਕਿਉਂ ਛੱਡਿਆ ਗਿਆ ਇਹ ਮਨਸ਼ਾ ਵੀ ਸਾਹਮਣੇ ਆਉਣੀ ਚਾਹੀਦੀ ਹੈ। ਜਥੇਦਾਰ ਨੇ ਸੰਗਤ ਵਲੋਂ ਅਸਤੀਫ਼ੇ ਦੀ ਮੰਗ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਉਹਨਾਂ ਦੇ ਅਸਤੀਫ਼ੇ ਨਾਲ ਬੇਅਦਬੀਆਂ ਰੁਕਦੀਆਂ ਹਨ ਤਾਂ ਉਹ ਪੰਜ ਮਿੰਟਾਂ ਵਿਚ ਅਪਣਾ ਅਸਤੀਫ਼ਾ ਦੇ ਦੇਣਗੇ। 
ਜਥੇਦਾਰ ਨੇ ਅੱਗੇ ਕਿਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੰਪਲੈਕਸ ਵਿਖੇ ਕਥਾ ਕੀਰਤਨ ਚਲਦਾ ਹੈ ਤੇ ਸੰਗਤ ਨੂੰ ਪ੍ਰਸ਼ਾਸ਼ਨ ਅੱਗੇ ਧਰਨਾ ਲਾਉਣਾ ਚਾਹੀਦਾ ਹੈ। ਤਾਂ ਜੋ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਜਾ ਸਕੇ। ਪ੍ਰੰਤੂ ਉਹ ਫਿਰ ਵੀ ਸੰਗਤ ਦੇ ਫ਼ੈਸਲੇ ਨਾਲ ਹਨ। 
  ਜਥੇਦਾਰ ਨੇ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਬੇਅਦਬੀ ਦੀ ਘਟਨਾ ਨਾ ਵਾਪਰੇ ਇਸ ਲਈ ਸੰਪਰਦਾਵਾਂ ਅਤੇ ਸੰਤਾਂ-ਮਹਾਂਪੁਰਖਾ ਦੀ ਰਾਏ ਲੈ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।

17-11 ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨਾਲ ਮੀਟਿੰਗ ਕਰਨ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਜਾਣਕਾਰੀ ਦਿੰਦੇ ਹੋਏ।