6 ਰਾਜਾਂ ਨੇ ਡੀਜ਼ਲ-ਪਟਰੌਲ ਨੂੰ ਜੀਐਸਟੀ ਅਧੀਨ ਲਿਆਉਣ ਦਾ ਕੀਤਾ ਵਿਰੋਧ
ਲਖਨਊ, 17 ਸਤੰਬਰ : ਜੀਐਸਟੀ (ਵਸਤੂ ਅਤੇ ਸੇਵਾ ਕਰ) ਪ੍ਰੀਸ਼ਦ ਦੀ 45 ਵੀਂ ਬੈਠਕ ਲਖਨਊ ਵਿਚ ਸਮਾਪਤ ਹੋਈ | ਮੀਟਿੰਗ ਵਿਚ ਪਟਰੌਲ ਅਤੇ ਡੀਜ਼ਲ ਨੂੰ ਜੀਐਸਟੀ ਵਿਚ ਸ਼ਾਮਲ ਕਰਨ ਬਾਰੇ ਚਰਚਾ ਹੋਈ | ਛੇ ਰਾਜਾਂ ਨੇ ਪਟਰੌਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦਾ ਵਿਰੋਧ ਕੀਤਾ |
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੀਟਿੰਗ ਤੋਂ ਬਾਅਦ ਦੇਰ ਸ਼ਾਮ ਪ੍ਰੈੱਸ ਕਾਨਫ਼ਰੰਸ ਕੀਤੀ | ਉਨ੍ਹਾਂ ਦਸਿਆ ਕਿ ਸ਼ੁਕਰਵਾਰ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵੱਡੇ ਫ਼ੈਸਲੇ ਲਏ ਗਏ | ਕੈਂਸਰ ਦੀ ਦਵਾਈ 'ਤੇ ਜੀਐਸਟੀ 12% ਤੋਂ ਘਟਾ ਕੇ 5% ਕੀਤਾ ਗਿਆ | ਰੇਮਡੇਸਿਵਿਰ ਅਤੇ ਹੈਪਰਿਨ ਉੱਤੇ 5% ਜੀਐਸਟੀ ਲੱਗੇਗਾ | ਕੋਰੋਨਾ ਦਵਾਈਆਂ 'ਤੇ ਟੈਕਸ ਛੋਟ 31 ਦਸੰਬਰ ਤਕ ਵਧਾ ਦਿਤੀ ਗਈ ਹੈ |
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੁੱਝ ਜੀਵਨ ਬਚਾਉਣ ਵਾਲੀਆਂ ਦਵਾਈਆਂ ਜੋ ਬਹੁਤ ਮਹਿੰਗੀਆਂ ਹਨ, ਜਿਨ੍ਹਾਂ ਦੀ ਵਰਤੋਂ ਬੱਚਿਆਂ ਲਈ ਜ਼ਿਆਦਾ ਕੀਤੀ ਜਾਂਦੀ ਹੈ ਜੋ ਕੋਰੋਨਾ ਨਾਲ ਸਬੰਧਤ ਨਹੀਂ ਹਨ | ਅਜਿਹੀਆਂ ਦਵਾਈਆਂ ਨੂੰ ਜੀਐਸਟੀ ਤੋਂ ਛੋਟ ਦਿਤੀ ਗਈ ਹੈ | ਹੁਣ ਇਸ 'ਤੇ ਜੀਐਸਟੀ ਲਾਗੂ ਨਹੀਂ ਹੋਵੇਗਾ | ਜੋਲਗੇਨਸਮਾ ਅਤੇ ਵਿਲਟੇਪਸੋ ਦੋ ਅਜਿਹੀਆਂ ਮਹੱਤਵਪੂਰਣ ਦਵਾਈਆਂ ਹਨ |
ਦਸਿਆ ਜਾ ਰਿਹਾ ਹੈ ਕਿ ਬੈਠਕ 'ਚ ਬਾਇਓਡੀਜ਼ਲ 'ਤੇ ਜੀਐਸਟੀ ਘਟਾ ਕੇ 5 ਫ਼ੀ ਸਦੀ ਕਰਨ ਦੀ ਮਨਜ਼ੂਰੀ ਦੇ ਦਿਤੀ ਗਈ ਹੈ | ਧਾਤ 'ਤੇ ਜੀਐਸਟੀ 5% ਤੋਂ ਵਧਾ ਕੇ 18% ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ | (ਏਜੰਸੀ)