ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਤੇ ਪ੍ਰਵਾਰ ਦਾ ਕੀਤਾ ਸਮਾਜਕ ਬਾਈਕਾਟ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਤੇ ਪ੍ਰਵਾਰ ਦਾ ਕੀਤਾ ਸਮਾਜਕ ਬਾਈਕਾਟ

image

ਬਾਘਾ ਪੁਰਾਣਾ, 17 ਸਤੰਬਰ (ਸੰਦੀਪ ਬਾਘੇਵਾਲੀਆ) : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਨੂੰ ਲੈ ਕੇ ਜਿਸ ਵਿਅਕਤੀ ਵਲੋਂ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਦੀਆਂ ਤਾਰਾਂ ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਨਵਾਂ ਨਾਲ ਜੁੜਦੀਆਂ ਹਨ, ਕਿਉਂਕਿ ਉਕਤ ਵਿਅਕਤੀ ਦਾ ਪ੍ਰਵਾਰ ਪਿੰਡ ਲੰਗੇਆਣਾ ਨਵਾਂ ਦਾ ਵਸਨੀਕ ਸੀ ਜੋ ਕਿ 45 ਕੁ ਸਾਲ ਪਹਿਲਾਂ ਉਕਤ ਪਿੰਡ ਨੂੰ ਛੱਡ ਕੇ ਲੁਧਿਆਣਾ ਵਿਖੇ ਰਹਿਣ ਲੱਗ ਪਿਆ ਸੀ, ਜਿਸ ਕਾਰਨ ਉਕਤ ਪ੍ਰਵਾਰ ਨੂੰ ਪਿੰਡ ਦੇ ਬਹੁਤੇ ਲੋਕ ਜਾਣਦੇ ਹੀ ਨਹੀਂ ਹਨ। ਬੇਸ਼ੱਕ ਉਨ੍ਹਾਂ ਦੀ ਜੱਦੀ ਪੁਸ਼ਤੀ ਜ਼ਮੀਨ ਤੇ ਘਰ ਅੱਜ ਵੀ ਇਸ ਪਿੰਡ ਵਿਚ ਹੈ ਪਰ ਜਿਉਂ ਹੀ ਸ਼ੋਸ਼ਲ ਮੀਡੀਆ ਉੱਪਰ ਉਕਤ ਵਿਅਕਤੀ ਦੀ ਪਹਿਚਾਣ ਅਤੇ ਪਿਛੋਕੜ ਨੂੰ ਲੈ ਕੇ ਪਿੰਡ ਲੰਗੇਆਣਾ ਨਵਾਂ ਦਾ ਨਾਂ ਸਾਹਮਣੇ ਆਉਣ ਲੱਗਾ ਤਾਂ ਪਿੰਡ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ, ਕਿਉਂਕਿ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਹੋਇਆ ਸੀ। ਜਿਸ ਕਾਰਨ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਜ ਪਿੰਡ ਲੰਗੇਆਣਾ ਨਵਾਂ ਦੇ ਗੁਰਦੁਆਰਾ ਸਾਹਿਬ ਨਿੰਮ ਵਾਲਾ ਵਿਖੇ ਪਿੰਡ ਦੇ ਲੋਕਾਂ ਦਾ ਭਰਵਾਂ ਇਕੱਠ ਹੋਇਆ। ਜਿਸ ਵਿਚ ਪੰਚਾਇਤੀ ਨੁਮਾਇੰਦੇ, ਪਤਵੰਤੇ, ਧਾਰਮਕ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਇਸ ਮੌਕੇ ਸਮੁੱਚੀ ਇਕੱਤਰਤਾ ਨੇ ਹੱਥ ਖੜੇ ਕਰ ਕੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ, ਉਥੇ ਉਕਤ ਪ੍ਰਵਾਰ ਦੇ ਸਮਾਜਕ ਬਾਈਕਾਟ ਦਾ ਵੀ ਐਲਾਨ ਕੀਤਾ। 
ਇਸ ਮੌਕੇ ਪਤਵੰਤਿਆਂ ਜਥੇਦਾਰ ਗੁਰਚਰਨ ਸਿੰਘ, ਜਗਮੋਹਣ ਸਿੰਘ ਮੈਂਬਰ, ਸਾਬਕਾ ਸਰਪੰਚ ਹਰਚਰਨ ਸਿੰਘ, ਕਪਤਾਨ ਸਿੰਘ ਲੰਗੇਆਣਾ, ਬਿਕਰਮਜੀਤ ਸਿੰਘ ਖਾਲਸਾ, ਲਖਵਿੰਦਰ ਸਿੰਘ, ਅਮਰ ਸਿੰਘ, ਨੈਬ ਸਿੰਘ ਗਿੱਲ, ਬਾਬਾ ਜਗਰੂਪ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਿਸ ਵਿਅਕਤੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ ਉਸ ਦਾ ਦਾਦਾ ਗੁਰਨਾਮ ਸਿੰਘ ਤੇ ਦਾਦੇ ਦਾ ਭਰਾ ਗੁਰਦੀਪ ਸਿੰਘ ਕਰੀਬ 45 ਸਾਲ ਪਹਿਲਾਂ ਪਿੰਡ ਲੰਗੇਆਣਾ ਨਵਾਂ ਛੱਡ ਕੇ ਲੁਧਿਆਣਾ ਵਿਖੇ ਰਹਿਣ ਲੱਗ ਪਏ ਸਨ ਅਤੇ ਇਹ ਪ੍ਰਵਾਰ ਉਸ ਸਮੇਂ ਵੀ ਸ਼ਾਹ ਸਤਨਾਮ ਸਰਸੇ ਵਾਲਾ ਨੂੰ ਮੰਨਦਾ ਸੀ ਤੇ ਇਹ ਉਕਤ ਡੇਰੇ ਦੇ ਪੱਕੇ ਪ੍ਰੇਮੀ ਹਨ। ਪਿੰਡ ਦੇ ਪਤਵੰਤਿਆਂ ਨੇ ਦਸਿਆ ਕਿ ਬੇਸ਼ੱਕ ਇਹ ਪ੍ਰਵਾਰ ਇਥੇ ਨਹੀਂ ਰਹਿੰਦਾ ਪਰ ਇਨ੍ਹਾਂ ਦੀ 15 ਕਿੱਲੇ ਜ਼ਮੀਨ ਅਜੇ ਵੀ ਇਸ ਪਿੰਡ ਵਿਚ ਹੈ ਜਿਸ ਨੂੰ ਹੁਣ ਕੋਈ ਵੀ ਠੇਕੇ ’ਤੇ ਲੈ ਕੇ ਖੇਤੀ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਨੂੰ ਕਰਨ ਦਿਤੀ ਜਾਵੇਗੀ ਤੇ ਉਕਤ ਪ੍ਰਵਾਰ ਨਾਲ ਵੀ ਕੋਈ ਸਬੰਧ ਨਹੀਂ ਰੱਖੇਗਾ। ਇਸ ਸਮੇਂ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਸਨ।
17 ਬਾਘਾ ਪੁਰਾਣਾ 03
ਕੈਪਸ਼ਨ : ਪਿੰਡ ਲੰਗੇਆਣਾ ਨਵਾਂ ਦੇ ਪਤਵੰਤੇ ਜਾਣਕਾਰੀ ਦਿੰਦੇ ਹੋਏ ਅਤੇ (ਹੇਠਾਂ) ਪਿੰਡ ਦੇ ਲੋਕਾਂ ਦਾ ਇਕੱਠ। (ਸੰਦੀਪ)