ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਨੌਕਰੀਆਂ ਲੈਣ ਲਈ ਪਾਵਰਕਾਮ ਦੇ ਮੁੱਖ ਦਫ਼ਤਰ ਦੀ ਛੱਤ ’ਤੇ ਚੜ੍ਹੇ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਨੌਕਰੀਆਂ ਲੈਣ ਲਈ ਪਾਵਰਕਾਮ ਦੇ ਮੁੱਖ ਦਫ਼ਤਰ ਦੀ ਛੱਤ ’ਤੇ ਚੜ੍ਹੇ

image

ਪਟਿਆਲਾ, 17 ਸਤੰਬਰ (ਦਲਜਿੰਦਰ ਸਿੰਘ/ਜਗਤਾਰ ਸਿੰਘ) : ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਅੱਜ ਪਾਵਰਕਾਮ ਦੇ ਮੁੱਖ ਦਫ਼ਤਰ ਦੀ ਇਮਾਰਤ ਦੀ ਛੱਤ ’ਤੇ ਚੜ੍ਹੇ। ਗੁਪਤ ਤਰੀਕੇ ਨਾਲ ਦਫ਼ਤਰ ’ਚ ਦਾਖ਼ਲ ਹੋਏ ਪ੍ਰਦਰਸ਼ਨਕਾਰੀ ਪਾਵਰਕਾਮ ਦੀ 6ਵੀਂ ਮੰਜ਼ਿਲ ’ਤੇ ਪੁੱਜ ਗਏ ਤੇ ਉਥੇ ਖੜ ਕੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਰੌਲਾ ਪੈਂਦਾ ਵੇਖ ਪਾਵਰਕਾਮ ਸੁਰੱਖਿਆ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। 
ਜਾਣਕਾਰੀ ਅਨੁਸਾਰ ਮ੍ਰਿਤਕ ਆਸ਼ਰਤ ਕਮੇਟੀ ਦੇ ਮੈਂਬਰ ਪਿਛਲੇ ਕਈ ਮਹੀਨਿਆਂ ਤੋਂ ਸੇਵਾਵਾਂ ਦੌਰਾਨ ਮੌਤ ਦਾ ਸ਼ਿਕਾਰ ਮੁਲਾਜ਼ਮ ਦੇ ਵਾਰਸਾਂ ਨੂੰ ਪਾਵਰਕਾਮ ’ਚ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਕਈ ਵਾਰ ਧਰਨਾ ਪ੍ਰਦਰਸ਼ਨ ਤੇ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਹਾਲੇ ਤਕ ਕੋਈ ਹੱਲ ਨਹੀਂ ਹੋ ਸਕਿਆ ਹੈ ਜਿਸ ਕਰ ਕੇ ਅੱਜ ਨੌਕਰੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨਕਾਰੀ ਪਾਵਰਕਾਮ ਮੁੱਖ ਦਫ਼ਤਰ ਦੀ ਇਮਾਰਤ ਦੀ ਛੱਤ ’ਤੇ ਚੜ੍ਹ ਗਏ ਹਨ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਆਸ਼ਰਤ ਕਮੇਟੀ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਦਿਉਲ ਨੇ ਦਸਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ਤਰਸ ਦੇ ਆਧਾਰ ’ਤੇ ਨੌਕਰੀਆਂ ਦੇ ਕੇਸ ਲਮਕਦੇ ਆ ਰਹੇ ਹਨ ਤੇ ਹਰੇਕ ਵਾਰ ਸਰਕਾਰ ਵਲੋਂ ਸਾਨੂੰ ਨੌਕਰੀਆਂ ਦਾ ਲਾਰਾ-ਲੱਪਾ ਲਗਾ ਕੇ ਤੋਰ ਦਿਤਾ ਜਾਂਦਾ ਹੈ, ਜਿਸ ਤੋਂ ਤੰਗ ਆ ਕੇ ਸਾਡੇ ਆਸ਼ਰਤ ਕਮੇਟੀ ਮੈਂਬਰ ਜਿਨ੍ਹਾਂ ਵਿਚ ਪੰਜ ਲੜਕੇ ਤੇ ਤਿੰਨ ਲੜਕੀਆਂ ਪਾਵਰਕਾਮ ਦੀ 6ਵੀਂ ਮੰਜ਼ਿਲ ’ਤੇ ਪਟਰੌਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿੰਨਾ ਚਿਰ ਨਿਯੁਕਤੀ ਪੱਤਰ ਨਹੀਂ ਦਿਤੇ ਜਾਂਦੇ ਉਨਾਂ ਚਿਰ ਹੇਠਾਂ ਨਹੀਂ ਉਤਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਤੋਂ ਲੈ ਕੇ ਹੁਣ ਤਕ ਅਪਣੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਲੈਣ ਲਈ ਚੌਥੀ ਵਾਰ ਚੜ੍ਹੇ ਹਾਂ ਜਦਕਿ ਸਾਨੂੰ ਹਰੇਕ ਵਾਰ ਨੌਕਰੀ ਦਾ ਲਾਰਾ ਲਗਾ ਕੇ ਟਾਲ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਤਕ ਦੋ ਵਾਰ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਸਾਹਮਣੇ ਬਣੇ ਸਰਕਾਰੀ ਆਯੁਰਵੈਦਿਕ ਕਾਲਜ ਦੀ ਬਿਲਡਿੰਗ ’ਤੇ ਵੀ ਚੜ੍ਹ ਚੁੱਕੇ ਹਨ ਤੇ ਉਸ ਵੇਲੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸਾਨੂੰ ਪੁਰਜ਼ੋਰ ਵਿਸ਼ਵਾਸ ਦਿਵਾਇਆ ਸੀ ਕਿ ਛੇਤੀ ਹੀ ਨਿਯੁਕਤੀ ਪੱਤਰ ਦੇ ਦਿਤੇ ਜਾਣਗੇ। ਪ੍ਰਨੀਤ ਕੌਰ ਨੇ ਕਿਹਾ ਸੀ ਕਿ ਤੁਹਾਡੀ ਮੰਗਾਂ ਬਿਲਕੁਲ ਜਾਇਜ਼ ਹਨ ਪਰ ਹਾਲੇ ਤਕ ਸਾਡੀ ਇਸ ਜਾਇਜ਼ ਮੰਗ ਨੂੰ ਬੂਰ ਨਹੀਂ ਪਾਇਆ ਗਿਆ। ਖਬਰ ਲਿਖੇ ਜਾਣ ਤਕ ਮ੍ਰਿਤਕ ਆਸ਼ਰਤ ਕਮੇਟੀ ਮੈਂਬਰ ਪਾਵਰਕਾਮ ਦੀ ਬਿਲਡਿੰਗ ’ਤੇ ਹੀ ਚੜ੍ਹੇ ਹੋਏ ਸਨ।
ਫੋਟੋ ਨੰ 17ਪੀਏਟੀ. 15