ਕੈਪਟਨ ਦਾ ਅਹੁਦਾ ਖੁੱਸਣ ਮਗਰੋਂ ਕੌਣ ਹੋਵੇਗਾ ਅਗਲਾ ਮੁੱਖ ਮੰਤਰੀ?
ਮੁੱਖ ਮੰਤਰੀ ਬਣਾਉਣ 'ਚ ਨਵਜੋਤ ਸਿੱਧੂ ਦਾ ਨਾਮ ਸਭ ਤੋਂ ਅੱਗੇ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਧਾਇਕ ਦਲ ਦੀ ਹਾਈ ਕਮਾਂਡ ਵੱਲੋਂ ਅੱਜ ਸ਼ਾਮ 5 ਵਜੇ ਬੁਲਾਈ ਗਈ ਮੀਟਿੰਗ ਹੁਲਾਈ ਗਈ ਹੈ। ਜਿਸ ਵਿਚ ਮੁੱਖ ਮੰਤਰੀ ਦਾ ਚਿਹਰਾ ਬਦਲਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦੂਜਾ ਨਾਮ ਨਵਜੋਤ ਸਿੱਧੂ ਦਾ ਤੇ ਫਿਰ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਜਿੰਦਰ ਰੰਧਾਵਾ ਦਾ ਆ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਸਿੱਧੂ ਹੁਣ ਤਕ ਜੋ ਵੀ ਟਿੱਪਣੀਆਂ ਕਰ ਰਹੇ ਹਨ ਉਹ ਸਭ ਹਾਈਕਮਾਨ ਦੀ ਅੱਖ ਹੇਠਾਂ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਅਗਲੀ ਚੋਣ ਸਿੱਧੂ ਦੇ ਨਾਮ ’ਤੇ ਲੜਨਾ ਚਾਹੁੰਦੀ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਵੀ ਸੀ. ਐੱਮ. ਉਮੀਦਵਾਰ ਦੀ ਦੌੜ ਵਿਚ ਮੋਹਰੀ ਹਨ। ਜੇ ਗੱਲ ਸੁਖਜਿੰਦਰ ਸਿੰਘ ਰੰਧਾਵਾ ਦੀ ਕਰੀਏ ਤਾਂ ਉਹ ਉਹ ਚਿਹਰਾ ਹੈ ਜਿਹੜੇ ਮੁੱਖ ਮੰਤਰੀ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਆਗੂਆਂ ਵਿਚ ਸਭ ਤੋਂ ਮੋਹਰੀ ਰਹੇ ਹਨ ਅਤੇ ਰੰਧਾਵਾ ਖੁਲ੍ਹੇ ਤੌਰ ’ਤੇ ਮੁੱਖ ਮੰਤਰੀ ਬਦਲੇ ਜਾਣ ਦੀ ਗੱਲ ਆਖ ਚੁੱਕੇ ਹਨ।
ਇਸ ਤੋਂ ਇਲਾਵਾ ਕਾਂਗਰਸ ਕਮੇਟੀ ਦੇ ਦਫਤਰ ਵਿਚ ਅੱਜ ਪੰਜ ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਮੂਲੀਅਤ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਪਹੁੰਚ ਚੁੱਕੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕਾਂ ਦੀ ਇਕ ਸੂਚੀ ਵੀ ਪੰਜਾਬ ਕਾਂਗਰਸ ਦੇ ਦਫਤਰ ਵਿਚ ਪਹੁੰਚ ਚੁੱਕੀ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ, ਅੱਜ ਦੀ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੀ ਸਿਆਸਤ ’ਚ ਕੁੱਝ ਵੱਡਾ ਧਮਾਕਾ ਹੋ ਸਕਦਾ ਹੈ।