ਏਜੰਟਾਂ ਨੇ ਜਾਲ ’ਚ ਫਸਾ ਠੱਗਿਆ ਥਾਣੇਦਾਰ, ਪੁੱਤ ਨੂੰ ਭੇਜਣਾ ਚਾਹੁੰਦਾ ਸੀ ਵਿਦੇਸ਼
6 ਲੱਖ 20 ਹਜ਼ਾਰ ਰੁਪਏ ਦੀ ਮਾਰੀ ਠੱਗੀ
ਮੋਗਾ: ਵਿਦੇਸ਼ ਭੇਜਣ ਦੇ ਨਾਂਅ ’ਤੇ ਪੰਜਾਬ ’ਚ ਨੌਜਵਾਨਾਂ ਨਾਲ ਨਿੱਤ ਠੱਗੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਕਿੱਲੀ ਚਾਹਲਾਂ ਨਿਵਾਸੀ ਥਾਣੇਦਾਰ ਬਲਜਿੰਦਰ ਸਿੰਘ ਦੇ ਬੇਟੇ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ 6 ਲੱਖ 20 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਂਚ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਟਰੈਵਲ ਏਜੰਟਾਂ ਹਰਕੀਰਤ ਸਿੰਘ ਨਿਵਾਸੀ ਤਰਾਵੜੀ ਕਰੁਕਸ਼ੇਤਰ ਹਰਿਆਣਾ, ਸੁਰਜੀਤ ਸਿੰਘ ਨਿਵਾਸੀ ਡੇਰਾ ਨਦਾਰਚੰਦ ਜੋਤੀਸਰ ਕਰੂਕਸ਼ੇਤਰ ਹਰਿਆਣਾ ਖ਼ਿਲਾਫ ਥਾਣਾ ਬੱਧਨੀ ਕਲਾਂ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਮੋਗਾ ਜ਼ਿਲ੍ਹੇ ਵਿਚ ਬਤੌਰ ਥਾਣੇਦਾਰ ਸਰਵਿਸ ਕਰਦਾ ਹੈ, ਉਹ ਆਪਣੇ ਬੇਟੇ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਉਸ ਨੂੰ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ, ਜਿਸ ’ਤੇ ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਸਾਨੂੰ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਕਈ ਲੜਕੇ ਲੜਕੀਆਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਨਵੰਬਰ 2018 ਵਿਚ ਮੈਨੂੰ ਹਰਕੀਰਤ ਸਿੰਘ ਦਾ ਫ਼ੋਨ ਆਇਆ ਅਤੇ ਮਿਲਣ ਲਈ ਕਿਹਾ, ਜਿਸ ’ਤੇ ਅਸੀਂ ਉਸ ਨੂੰ ਪਿੰਡ ਦੌਧਰ ਆਪਣੇ ਰਿਸ਼ਤੇਦਾਰ ਦੇ ਘਰ ਮਿਲੇ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਬੇਟੇ ਲਵਪ੍ਰੀਤ ਸਿੰਘ ਨੂੰ ਜਰਮਨ ਭੇਜ ਦੇਵੇਗਾ ਅਤੇ 12 ਲੱਖ ਰੁਪਏ ਦੀ ਮੰਗ ਕੀਤੀ।
ਸਾਡੀ 10 ਲੱਖ ਰੁਪਏ ਵਿਚ ਗੱਲ ਤੈਅ ਹੋ ਗਈ, ਜਿਸ ’ਤੇ ਅਸੀਂ ਉਨ੍ਹਾਂ ਦੇ ਕਹਿਣ ’ਤੇ ਆਪਣੇ ਬੇਟੇ ਦੀ ਪਾਸਪੋਰਟ ਕਾਪੀ, ਫੋਟੋਆਂ ਅਤੇ ਸਰਟੀਫਿਕੇਟਾਂ ਦੇ ਇਲਾਵਾ 5 ਲੱਖ ਰੁਪਏ ਨਕਦ ਦੇ ਦਿੱਤੇ ਅਤੇ 20 ਹਜ਼ਾਰ ਰੁਪਏ ਉਨ੍ਹਾਂ ਨੇ ਫਾਈਲ ਫੀਸ ਦੇ ਲਏ। ਕੁਝ ਸਮੇਂ ਬਾਅਦ 25 ਮਾਰਚ 2019 ਨੂੰ ਉਨ੍ਹਾਂ ਕਿਹਾ ਕਿ ਤੁਹਾਡੇ ਬੇਟੇ ਲਵਪ੍ਰੀਤ ਸਿੰਘ ਦਾ ਵੀਜ਼ਾ ਆ ਗਿਆ ਹੈ ਅਤੇ ਟਿਕਟ ਲਈ 1 ਲੱਖ ਰੁਪਏ ਭੇਜ ਦਿਉ, ਜੋ ਅਸੀਂ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਪਰ ਬਾਅਦ ਵਿਚ ਕਥਿਤ ਦੋਸ਼ੀ ਟਰੈਵਲ ਏਜੰਟ ਟਾਲ-ਮਟੋਲ ਕਰਨ ਲੱਗ ਪਏ, ਅਸੀਂ ਕਈ ਵਾਰ ਉਨ੍ਹਾਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਜੇਕਰ ਮੇਰੇ ਬੇਟੇ ਨੂੰ ਨਹੀਂ ਭੇਜ ਸਕਦੇ ਤਾਂ ਸਾਡੇ ਪੈਸੇ ਵਾਪਸ ਕਰ ਦਿਉ, ਪਰ ਉਨ੍ਹਾਂ ਨਾ ਤਾਂ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੇਰੇ ਬੇਟੇ ਨੂੰ ਜਰਮਨ ਭੇਜਿਆ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਸਾਡੇ ਨਾਲ ਠੱਗੀ ਮਾਰੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਇਸ ਦੀ ਜਾਂਚ ਡੀ. ਐੱਸ. ਪੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਡੀ. ਐੱਸ. ਪੀ. ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।