70 ਸਾਲਾਂ ਬਾਅਦ ਦੇਸ਼ ਵਿਚ ਆਏ ਚੀਤੇ ਪ੍ਰਧਾਨ ਮੰਤਰੀ ਮੋਦੀ ਨੇ ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਛਡਿਆ

ਏਜੰਸੀ

ਖ਼ਬਰਾਂ, ਪੰਜਾਬ

70 ਸਾਲਾਂ ਬਾਅਦ ਦੇਸ਼ ਵਿਚ ਆਏ ਚੀਤੇ ਪ੍ਰਧਾਨ ਮੰਤਰੀ ਮੋਦੀ ਨੇ ਕੁਨੋ ਨੈਸ਼ਨਲ ਪਾਰਕ 'ਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਛਡਿਆ

image

 


ਸ਼ਿਓਪੁਰ, 17 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ (ਕੇਐਨਪੀ) ਵਿਚ ਨਾਮੀਬੀਆ ਤੋਂ ਲਿਆਂਦੇ ਗਏ ਚੀਤਿਆਂ ਨੂੰ  ਇਕ ਵਿਸ਼ੇਸ਼ ਘੇਰੇ ਵਿਚ ਛੱਡ ਦਿਤਾ | ਇਸ ਮੌਕੇ ਮੋਦੀ ਅਪਣੇ ਪ੍ਰੋਫ਼ੈਸ਼ਨਲ ਕੈਮਰੇ ਨਾਲ ਚੀਤਿਆਂ ਦੀਆਂ ਕੁੱਝ ਤਸਵੀਰਾਂ ਲੈਂਦੇ ਵੀ ਨਜ਼ਰ ਆਏ |
ਭਾਰਤ ਵਿਚ ਚੀਤਿਆਂ ਨੂੰ  ਅਲੋਪ ਐਲਾਨੇ ਜਾਣ ਤੋਂ ਸੱਤ ਦਹਾਕਿਆਂ ਬਾਅਦ ਉਨ੍ਹਾਂ ਨੂੰ  ਮੁੜ ਤੋਂ ਦੇਸ਼ 'ਚ ਵਸਾਉਣ ਦੇ ਪ੍ਰਾਜੈਕਟ ਤਹਿਤ ਨਾਮੀਬੀਆ ਤੋਂ ਅੱਠ ਚੀਤੇ ਸਨਿਚਰਵਾਰ ਸਵੇਰੇ ਕੁਨੋ ਨੈਸ਼ਨਲ ਪਾਰਕ ਵਿਚ ਲਿਆਂਦੇ ਗਏ | ਪਹਿਲਾਂ ਉਨ੍ਹਾਂ ਨੂੰ  ਵਿਸ਼ੇਸ਼ ਜਹਾਜ਼ ਰਾਹੀਂ ਗਵਾਲੀਅਰ ਹਵਾਈ ਅੱਡੇ ਅਤੇ ਫਿਰ ਹੈਲੀਕਾਪਟਰਾਂ ਰਾਹੀਂ ਸ਼ਿਓਪੁਰ ਜ਼ਿਲ੍ਹੇ ਵਿਚ ਸਥਿਤ ਕੇਐਨਪੀ ਲਿਆਂਦਾ ਗਿਆ | ਸਨਿਚਰਵਾਰ ਨੂੰ  ਅਪਣਾ 72ਵਾਂ ਜਨਮ ਦਿਨ ਮਨਾ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਕੇਐਨਪੀ ਦੇ ਵਿਸ਼ੇਸ਼ ਘੇਰੇ ਵਿਚ ਚੀਤਿਆਂ ਨੂੰ  ਛੱਡ ਦਿਤਾ | ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਮੰਚ 'ਤੇ ਮੌਜੂਦ ਸਨ |
ਇਸ ਮੌਕੇ ਆਯੋਜਤ ਕੀਤੇ ਪ੍ਰੋਗਰਾਮ ਨੂੰ  ਸੰਬੋਧਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ
ਸੱਤ ਦਹਾਕਿਆਂ ਪਹਿਲਾਂ ਅਲੋਪ ਹੋਣ ਦੇ ਬਾਅਦ ਦੇਸ਼ 'ਚ ਚੀਤਿਆਂ ਦੇ ਮੁੜ ਵਸੇਬੇ ਲਈ ਦਹਾਕਿਆਂ ਤੋਂ ਕੋਈ ਸਾਰਥਕ ਯਤਨ ਨਹੀਂ ਕੀਤੇ ਗਏ | ਮੋਦੀ ਨੇ ਕਿਹਾ, ''ਇਹ ਬਦਕਿਸਮਤੀ ਦੀ ਗੱਲ ਹੈ ਕਿ ਅਸੀਂ 1952 'ਚ ਚੀਤਿਆਂ ਨੂੰ  ਦੇਸ਼ ਵਿਚ ਅਲੋਪ ਤਾਂ ਐਲਾਨ ਦਿਤਾ ਸੀ, ਪਰ ਦਹਾਕਿਆਂ ਤਕ ਉਨ੍ਹਾਂ ਦੇ ਮੁੜ ਵਸੇਬੇ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਗਏ | ਅੱਜ ਆਜ਼ਾਦੀ ਦੇ ਅੰਮਿ੍ਤ ਵਿਚ ਹੁਣ ਦੇਸ਼ ਨੇ ਨਵੀਂ ਊਰਜਾ ਨਾਲ ਚੀਤਿਆਂ ਨੂੰ  ਮੁੜ ਵਸਾਉਣਾ ਸ਼ੁਰੂ ਕਰ ਦਿਤਾ ਹੈ |'' ਉਨ੍ਹਾਂ ਕਿਹਾ, Tਮੈਂ ਅਪਣੇ ਮਿੱਤਰ ਦੇਸ਼ ਨਾਮੀਬੀਆ ਅਤੇ ਉਥੋਂ ਦੀ ਸਰਕਾਰ ਦਾ ਵੀ ਧਨਵਾਦ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਦਹਾਕਿਆਂ ਬਾਅਦ ਚੀਤੇ ਭਾਰਤ ਦੀ ਧਰਤੀ 'ਤੇ ਵਾਪਸ ਆਏ ਹਨ |'' ਉਨ੍ਹਾਂ ਕਿਹਾ ਕਿ ਭਾਰਤ ਵਿਚ 1947 ਵਿਚ ਜੰਗਲ 'ਚ ਤਿੰਨ ਚੀਤੇ ਬਚੇ ਸਨ, ਜਿਨ੍ਹਾਂ ਦਾ ਬਦਕਿਸਮਤੀ ਨਾਲ ਸ਼ਿਕਾਰ ਕੀਤਾ ਗਿਆ ਸੀ |
ਮੋਦੀ ਨੇ ਕਿਹਾ ਕਿ ਮਨੁੱਖਤਾ ਦੇ ਸਾਹਮਣੇ ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ ਜਦੋਂ ਸਮੇਂ ਦਾ ਚੱਕਰ ਸਾਨੂੰ ਅਤੀਤ ਨੂੰ  ਸੁਧਾਰਨ ਅਤੇ ਨਵਾਂ ਭਵਿੱਖ ਬਣਾਉਣ ਦਾ ਮੌਕਾ ਦਿੰਦਾ ਹੈ, ਖ਼ੁਸ਼ਕਿਸਮਤੀ ਨਾਲ ਅੱਜ ਸਾਡੇ ਸਾਹਮਣੇ ਅਜਿਹਾ ਪਲ ਹੈ | ਉਨ੍ਹਾਂ ਕਿਹਾ ਕਿ ਦਹਾਕੇ ਪਹਿਲਾਂ ਜੈਵ ਵਿਭਿੰਨਤਾ ਦੀ ਜੋ ਸਦੀਆਂ ਪੁਰਾਣੀ ਕੜੀ ਟੁੱਟ ਗਈ ਸੀ, ਅਲੋਪ ਹੋ ਗਈ ਸੀ, ਅੱਜ ਸਾਨੂੰ ਇਸ ਨੂੰ  ਮੁੜ ਜੋੜਨ ਦਾ ਮੌਕਾ ਮਿਲਿਆ ਹੈ; ਅੱਜ ਭਾਰਤ ਦੀ ਧਰਤੀ 'ਤੇ ਚੀਤੇ ਪਰਤ ਆਏ ਹਨ ਅਤੇ ਮੈਂ ਇਹ ਵੀ ਕਹਾਂਗਾ ਕਿ ਇਨ੍ਹਾਂ ਚੀਤਿਆਂ ਦੇ ਨਾਲ-ਨਾਲ ਭਾਰਤ ਦੀ ਕੁਦਰਤ ਪ੍ਰੇਮੀ ਚੇਤਨਾ ਵੀ ਪੂਰੀ ਤਾਕਤ ਨਾਲ ਜਾਗ ਪਈ ਹੈ |
ਮੋਦੀ ਨੇ ਕਿਹਾ ਕਿ ਇਹ ਸੱਚ ਹੈ ਕਿ ਜਦੋਂ ਕੁਦਰਤ ਅਤੇ ਵਾਤਾਵਰਨ ਸੁਰੱਖਿਅਤ ਹੁੰਦਾ ਹੈ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਹੁੰਦਾ ਹੈ; ਵਿਕਾਸ ਅਤੇ ਖ਼ੁਸ਼ਹਾਲੀ ਦੇ ਰਾਸਤੇ ਵਿਚ ਖੁਲ੍ਹਦੇ ਹਨ |  ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਭਾਰਤ ਇਨ੍ਹਾਂ ਚੀਤਿਆਂ ਨੂੰ  ਵਸਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਸਾਨੂੰ ਅਪਣੀਆਂ ਕੋਸ਼ਿਸ਼ਾਂ ਨੂੰ  ਅਸਫਲ ਨਹੀਂ ਹੋਣ ਦੇਣਾ ਚਾਹੀਦਾ |    
ਕੁਨੋ ਨੈਸ਼ਨਲ ਪਾਰਕ ਵਿੰਧਿਆਚਲ ਪਹਾੜੀਆਂ ਦੇ ਉੱਤਰੀ ਕਿਨਾਰੇ 'ਤੇ ਸਥਿਤ ਹੈ ਅਤੇ 344 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ | ਦੇਸ਼ ਵਿਚ ਆਖ਼ਰੀ ਚੀਤੇ ਦੀ ਮੌਤ 1947 ਵਿਚ ਕੋਰਿਆ ਜ਼ਿਲ੍ਹੇ ਵਿਚ ਹੋਈ ਸੀ, ਜੋ ਛੱਤੀਸਗੜ੍ਹ ਜ਼ਿਲ੍ਹੇ ਵਿਚ ਸਥਿਤ ਹੈ | 1952 ਵਿਚ ਚੀਤੇ ਨੂੰ  ਭਾਰਤ 'ਚ ਅਲੋਪ ਐਲਾਨ ਦਿਤਾ ਗਿਆ ਸੀ | ਭਾਰਤ ਵਿਚ ਚੀਤਿਆਂ ਨੂੰ  ਦੁਬਾਰਾ ਵਸਾਉਣ ਲਈ 'ਭਾਰਤ ਵਿਚ ਅਫ਼ਰੀਕੀ ਚੀਤਾ ਜਾਣ-ਪਛਾਣ ਪ੍ਰਾਜੈਕਟ' 2009 ਵਿਚ ਸ਼ੁਰੂ ਹੋਇਆ ਸੀ ਅਤੇ ਹਾਲ ਹੀ ਦੇ ਸਾਲਾਂ ਵਿਚ ਇਸ ਨੇ ਤੇਜ਼ੀ ਫੜੀ ਹੈ | ਭਾਰਤ ਨੇ ਚੀਤਿਆਂ ਦੀ ਦਰਾਮਦ ਲਈ ਨਾਮੀਬੀਆ ਸਰਕਾਰ ਨਾਲ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖ਼ਰ ਕੀਤੇ ਹਨ |        (ਏਜੰਸੀ)