ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਪੁਨਰ ਗਠਨ ਕਰਨ ਦਾ ਇਕ ਹੋਰ ਯਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਲਜਾਂ 'ਚੋਂ ਲੀਡਰ ਪੈਦਾ ਕਰਨ ਦੀ ਥਾਂ ਲੀਡਰਾਂ ਨਾਲ ਜੁੜੇ 'ਬਾਬਿਆਂ' ਦਾ ਪੁਨਰ ਗਠਨ?

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪੁਨਰ ਗਠਨ ਕਰਨ ਸਮੇਂ ਗੱਲਬਾਤ ਕਰਦੇ ਹੋਏ ਭੁਪਿੰਦਰ ਸਿੰਘ ਬਜਰੂੜ।

ਨੌਜਵਾਨਾਂ ਦਾ ਸ਼ਕਤੀਕਰਨ ਲਈ ਪੰਜਾਬ ਅਤੇ ਪੰਥ ਦੀ ਪਹਿਰੇਦਾਰੀ ਲਈ ਨੌਜਵਾਨ ਅੱਗੇ ਆਉਣ : ਬਜਰੂੜ



ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਸੇਵਾ ਸਿੰਘ, ਸੁਖਵਿੰਦਰਪਾਲ ਸਿੰਘ ਸੁੱਖੂ): ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਬਜਰੂੜ) ਦਾ ਐਲਾਨ ਕੀਤਾ ਗਿਆ, ਜਿਸ ਵਿਚ 40 ਸਾਲ ਤੋਂ ਘੱਟ ਉਮਰ ਵਾਲੇ ਤੇ ਨਿਤਨੇਮੀ ਸਿੰਘ ਫ਼ੈਡਰੇਸ਼ਨ ਦੇ ਨਾਲ ਜੋੜੇ ਗਏ। ਫ਼ੈਡਰੇਸ਼ਨ ਦਾ ਫ਼ੈਸਲਾ ਸਰਬਸੰਮਤੀ ਨਾਲ ਹੱਥ ਖੜੇ ਕਰ ਕੇ ਲਿਆ ਗਿਆ, ਸਾਰੇ ਨੌਜਵਾਨਾਂ ਨੇ ਸਹਿਮਤੀ ਨਾਲ ਸ. ਪ੍ਰਿਤਪਾਲ ਸਿੰਘ ਪ੍ਰਧਾਨ ਅਤੇ ਭੁਪਿੰਦਰ ਸਿੰਘ ਬਜਰੂੜ ਨੂੰ ਜਥੇਬੰਦੀ ਦਾ ਸਰਪ੍ਰਸਤ ਥਾਪਿਆ ਤੇ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪੁਨਰ ਗਠਨ ਕਰਨ ਸਮੇਂ ਗੱਲਬਾਤ ਕਰਦੇ ਹੋਏ ਭੁਪਿੰਦਰ ਸਿੰਘ ਬਜਰੂੜ।


ਇਸ ਮੌਕੇ ਸ.ਬਜਰੂੜ ਨੇ ਕਿਹਾ ਕਿ ਕੁੱਝ ਸਿਆਸੀ ਲੋਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵਲੋਂ ਸਿਰਜੀਆਂ ਸੰਸਥਾਵਾਂ ਦੇ ਗੌਰਵ ਅਤੇ ਹੋਂਦ ਨੂੰ ਵੱਡੀ ਢਾਹ ਲਾਈ ਹੈ ਤੇ ਇਨ੍ਹਾਂ ਲੋਕਾਂ ਵਲੋਂ ਅਮੀਰ ਬਣਨ ਲਈ ਨਸ਼ਿਆਂ ਦੇ ਵਪਾਰ ਰਾਹੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਕੇ ਰੱਖ ਦਿਤਾ ਹੈ। ਇਸ ਲਈ ਨੌਜਵਾਨਾਂ ਦਾ ਗ਼ਲਤ ਇਸਤੇਮਾਲ ਰੋਕਣ ਲਈ ਨੌਜਵਾਨਾਂ ਦਾ ਸ਼ਕਤੀਕਰਣ ਅਤੇ ਪੰਥ ਦੀ ਪਹਿਰੇਦਾਰੀ ਕਰਨ ਲਈ ਇਸ ਜਥੇਬੰਦੀ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਹਰ ਪਿੰਡ, ਹਰ ਘਰ ਵਿਚ ਨਸ਼ੇ ਵਿਰੋਧੀ ਲਹਿਰ ਚਲਾਈ ਜਾਵੇਗੀ। ਇਸ ਮੌਕੇ ਬੀਰ ਖ਼ਾਲਸਾ ਗਤਕਾ ਗਰੁਪ, ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਸਿੱਖ ਯੂਥ ਪਾਵਰ ਆਫ਼ ਪੰਜਾਬ, ਗੁਰਸੁਰਾ ਖ਼ਾਲਸਾ ਗਤਕਾ ਗਰੁਪ, ਬੇਦੀ ਸਾਹਿਬ ਸਿੰਘ ਗੁਰਮੱਤ ਵਿਦਿਆਲਿਆ ਸੂਜੋ ਸਮੇਤ ਹੋਰ ਸੰਸਥਾਵਾਂ ਵਲੋਂ ਸਾਥ ਦੇਣ ਦਾ ਭਰੋਸਾ ਦਿਤਾ ਗਿਆ। ਸ਼੍ਰੋਮਣੀ ਕਮੇਟੀ ਅਕਾਲੀ ਦਲ (ਡੈਮ੍ਰੋਕੈਟਿਕ) ਦੇ ਆਗੂ ਜਥੇ. ਗੁਰਸੇਵ ਸਿੰਘ ਹਰਪਾਲਪੁਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੰਦਿਆਂ ਦਸਿਆ ਕਿ ਨੌਜਵਾਨਾਂ ਨੂੰ ਰਾਜਸੀ ਬਲਗਨਾਂ ਵਿਚੋਂ ਨਿਕਲ ਕੇ ਅਜ਼ਾਦਾਨਾ ਤੌਰ 'ਤੇ ਨੌਜਵਾਨਾਂ ਨੂੰ ਜਥੇਬੰਦ ਕਰਨ ਚਲੰਤ ਮਾਮਲਿਆਂ ਬਾਰੇ ਵਿਚਾਰ ਗੋਸ਼ਟੀਆਂ ਕਰਾਉਣ ਅਤੇ ਗੁਰਮੁਖ ਟਰੇਨਿੰਗ ਕੈਂਪ ਲਗਾ ਕੇ ਸਿੱਖ ਵਿਰਸੇ ਨਾਲ ਜੋੜਨ ਦੀ ਅਪੀਲ ਕੀਤੀ। ਜਥੇ: ਹਰਪਾਲਪੁਰ ਨੇ ਫ਼ੈਡਰੇਸ਼ਨ ਦੇ ਨਵੇਂ ਚੁਣੇ ਪ੍ਰਧਾਨ ਪ੍ਰਿਤਪਾਲ ਸਿੰਘ ਹਵੇਲੀ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਤੇ ਜਥੇ: ਭੁਪਿੰਦਰ ਸਿੰਘ ਬਜਰੂੜ ਨੂੰ ਸਰਪ੍ਰਸਤ ਬਣਾ ਕੇ ਜਥੇਬੰਦੀ ਦੀਆਂ ਸਰਗਰਮੀਆਂ ਤੇਜ਼ ਕਰਨ ਦੀ ਜ਼ਿੰਮੇਵਾਰੀ ਸੌਂਪੀ।


ਨਿਰਪੱਖ ਦਰਸ਼ਕਾਂ ਦਾ ਖ਼ਿਆਲ ਹੈ ਕਿ ਫ਼ੈਡਰੇਸ਼ਨ ਦੇ ਲੀਡਰ, ਵਿਦਿਆਰਥੀਆਂ ਅਥਵਾ ਕਾਲਜਾਂ ਵਿਚ ਪੜ੍ਹਦੇ ਨੌਜਵਾਨਾਂ ਵਿਚੋਂ ਲੈਣ ਦੀ ਪ੍ਰਥਾ ਨੂੰ ਤਿਆਗਦਿਆਂ, ਲੀਡਰਾਂ ਦੀ ਜਾਣਕਾਰੀ ਵਾਲੇ ਕੁੱਝ 'ਬਾਬਿਆਂ' ਨੂੰ ਲੈ ਕੇ ਫ਼ੈਡਰੇਸ਼ਨ ਦਾ ਪੁਨਰ ਗਠਨ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਹੋਰ 'ਸਟੂਡੈਂਟ' ਫ਼ੈਡਰੇਸ਼ਨ ਦੇ ਆਗੂ ਕਾਲਜਾਂ, ਯੂਨੀਵਰਸਟੀਆਂ ਤੋਂ ਬਾਹਰਲੇ ਬੰਦੇ ਨਹੀਂ ਹੁੰਦੇ ਪਰ ਸਿੱਖ 'ਸਟੂਡੈਂਟਸ' ਫ਼ੈਡਰੇਸ਼ਨ ਦਾ ਇਕ ਵੀ ਬੰਦਾ 'ਸਟੂਡੈਂਟ' ਨਹੀਂ, ਫਿਰ ਪੁਨਰ-ਗਠਨ ਕਿਸ ਦਾ ਹੋਵੇਗਾ?