ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵਲੋਂ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ
ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵਲੋਂ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ
275 ਕਰੋੜ ਰੁਪਏ ਦੀ ਲਾਗਤ ਵਾਲੀ ਮੁਹਿੰਮ ਨਾਲ ਪੰਜਾਬ ਦੇ ਪੇਂਡੂ ਖੇਤਰ ਦੀ ਬਦਲੇਗੀ ਨੁਹਾਰ
ਚੰਡੀਗੜ੍ਹ, 17 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੇਂਡੂ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ 2275 ਕਰੋੜ ਰੁਪਏ ਦੀ ਲਾਗਤ ਵਾਲੀ ਪੰਜਾਬ ਦੀ 'ਸਮਾਰਟ ਪਿੰਡ ਮੁਹਿੰਮ' ਦੇ ਦੂਜੇ ਪੜਾਅ ਦੀ ਵਰਚੁਅਲ ਤੌਰ 'ਤੇ ਸ਼ੁਰੂਆਤ ਕੀਤੀ।
ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਜਦਕਿ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀ, ਅਧਿਕਾਰੀ ਅਤੇ ਸਰਪੰਚਾਂ ਨੇ 1500 ਡਿਜੀਟਲ ਥਾਵਾਂ ਤੋਂ ਸ਼ਿਰਕਤ ਕੀਤੀ ਅਤੇ ਸੂਬੇ ਭਰ ਵਿਚ 48910 ਕਾਰਜਾਂ ਦੀ ਆਰੰਭਤਾ ਦਾ ਆਗ਼ਾਜ਼ ਕੀਤਾ। ਰਾਹੁਲ ਗਾਂਧੀ ਵਲੋਂ ਇਸ ਯਾਦਗਾਰੀ ਪਲਾਂ ਦਾ ਹਿੱਸਾ ਬਣਨ ਉਤੇ ਖ਼ੁਸ਼ੀ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੇਂਡੂ ਮੁਹਾਂਦਰੇ ਨੂੰ ਬਦਲਣ ਦੀ ਉਨ੍ਹਾਂ ਦੀ ਸਰਕਾਰ ਦੀ ਰਣਨੀਤੀ ਦੀ ਲੜੀ ਵਜੋਂ ਤਕਨਾਲੋਜੀ ਦੀਆਂ ਖ਼ੂਬੀਆਂ ਰਾਹੀਂ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਿਆਪਕ ਪੱਧਰ ਉਤੇ ਪੇਂਡੂ ਬੁਨਿਆਦੀ ਢਾਂਚਾ ਸਿਰਜੇਗੀ। ਉਨ੍ਹਾਂ ਨੇ ਦੂਜੇ ਪੜਾਅ ਅਧੀਨ ਵੱਖ-ਵੱਖ ਸਕੀਮਾਂ ਲਈ ਫ਼ੰਡਾਂ ਦੀ ਢੁਕਵੀਂ ਵੰਡ ਦਾ ਭਰੋਸਾ ਦਿਤਾ ਜੋ ਪਹਿਲੇ ਪੜਾਅ ਦੀ ਸਫ਼ਲਤਾਪੂਰਵਕ ਸਮਾਪਤੀ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਹਨ। ਪਹਿਲੇ ਪੜਾਅ ਦਾ ਆਗ਼ਾਜ਼ ਸਾਲ 2019 ਵਿਚ ਕੀਤਾ ਗਿਆ ਸੀ ਜਿਸ ਲਈ 835 ਕਰੋੜ ਰੁਪਏ ਦੀ ਲਾਗਤ ਨਾਲ 19,132 ਕਾਰਜ ਕੀਤੇ ਗਏ ਸਨ। ਇਸ ਪ੍ਰੋਗਰਾਮ ਵਿਚ ਸਾਰੇ ਕੈਬਨਿਟ ਮੰਤਰੀਆਂ, ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਇਲਾਵਾ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਮਾ ਜੈਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਜਰੀਏ ਸ਼ਮੂਲੀਅਤ ਕੀਤੀ।