ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਤੇ ਦੂਜੇ ਪਾਸੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੀਆਂ ਤਿਆਰੀਆਂ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਤੇ ਦੂਜੇ ਪਾਸੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੀਆਂ ਤਿਆਰੀਆਂ

image

ਬਾਦਲ ਪ੍ਰਵਾਰ ਦੀਆਂ ਆਸ਼ਾਵਾਂ 'ਤੇ ਪੂਰੇ ਨਹੀਂ ਉਤਰ ਸਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ

ਕੋਟਕਪੂਰਾ, 17 ਅਕਤੂਬਰ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਮੌਕੇ ਜਿਵੇਂ ਉਨ੍ਹਾਂ ਦੇ ਡੇਰੇਦਾਰਾਂ ਦੇ ਸਮਾਗਮਾਂ 'ਚ ਸ਼ਾਮਲ ਹੋਣ ਦੇ ਵੀਡੀਉ ਕਲਿਪ ਸੋਸ਼ਲ ਮੀਡੀਏ ਰਾਹੀਂ ਵਾਇਰਲ ਹੋਏ ਤਾਂ ਉਸ ਤੋਂ ਇੰਜ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਭਾਈ ਲੌਂਗੋਵਾਲ ਦਾ ਬਦਲ ਲੱਭਣ ਲਈ ਬਾਦਲ ਪ੍ਰਵਾਰ ਨੇ ਹੁਣ ਤੋਂ ਹੀ ਤਿਆਰੀ ਆਰੰਭ ਦਿਤੀ ਹੈ ਪਰ ਕੁੱਝ ਸਮਾਂ ਪਾ ਕੇ ਸੱਭ ਆਮ ਦੀ ਤਰ੍ਹਾਂ ਹੋ ਗਿਆ।
ਹੁਣ ਸੂਤਰ ਦਸਦੇ ਹਨ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਅਰਥਾਤ 100 ਸਾਲਾ ਸਥਾਪਨਾ ਦਿਵਸ ਠੀਕ ਇਕ ਮਹੀਨੇ ਬਾਅਦ ਭਾਵ 15 ਨਵੰਬਰ ਦਿਨ ਐਤਵਾਰ ਨੂੰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਆਰੰਭੀਆਂ ਗਈਆਂ ਹਨ ਤੇ ਦੂਜੇ ਪਾਸੇ ਭਾਈ ਲੌਂਗੋਵਾਲ ਦਾ ਬਦਲ ਵੀ ਲੱਭਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਤੋਂ ਕੁੱਝ ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਦੇ ਆਸਾਰ ਹਨ। ਭਾਈ ਲੌਂਗੋਵਾਲ ਅਕਾਲੀ ਦਲ ਦੇ ਸੁਪਰੀਮੋ ਦੀਆਂ ਆਸ਼ਾਵਾਂ 'ਤੇ ਪੂਰਾ ਨਹੀਂ ਉਤਰੇ ਤੇ ਉਹ ਚੰਗੇ ਪ੍ਰਬੰਧਕ ਵਜੋਂ ਵੀ ਅਪਣਾ ਅਕਸ ਨਾ ਉਭਾਰ ਸਕੇ ਕਿਉਂਕਿ ਉਨ੍ਹਾਂ ਦੇ ਕਾਲ 'ਚ ਸ਼੍ਰੋਮਣੀ ਕਮੇਟੀ ਧਾਰਮਕ ਤੌਰ 'ਤੇ ਹੋਰ ਕਮਜ਼ੋਰ ਹੋਈ ਹੈ ਅਤੇ ਕਮੇਟੀ ਦੇ ਕਈ ਵਿਦਿਅਕ ਅਦਾਰਿਆਂ ਦੀ ਹਾਲਤ ਐਨੀ ਮਾੜੀ ਹੈ ਕਿ ਕਰਮਚਾਰੀਆਂ ਨੂੰ ਸਾਲ-ਸਾਲ ਤੋਂ ਜ਼ਿਆਦਾ ਸਮਾਂ ਵੀ ਤਨਖ਼ਾਹ ਨਹੀਂ ਮਿਲ ਸਕੀ। ਦਿਨੋਂ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕਮੇਟੀ ਮੈਂਬਰਾਂ ਦੀ ਸਿਫ਼ਾਰਸ਼ 'ਤੇ ਡੇਰੇਦਾਰਾਂ ਨੂੰ ਪੁਰਾਤਨ ਸਰੂਪ ਦੇਣ, ਸਿੱਖ ਸਿਧਾਂਤਾਂ ਅਤੇ ਪੰਥਕ ਵਿਚਾਰਧਾਰਾ ਉਪਰ ਪਹਿਰਾ ਦੇਣ 'ਚ ਕਾਮਯਾਬ ਨਾ ਹੋ ਸਕਣ ਵਰਗੀਆਂ ਦਰਜਨਾਂ ਅਜਿਹੀਆਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਕਾਰਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਤੋਂ ਛੁੱਟੀ ਹੋਣੀ ਲਗਭਗ ਤਹਿ ਹੈ।
ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾਲਿਆਂ ਸਮੇਤ ਅਨੇਕਾਂ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾਂ ਦਾ ਦਾਅਵਾ ਹੈ ਕਿ ਬਾਦਲ ਪ੍ਰਵਾਰ ਪੰਥ ਵਿਰੋਧੀ ਸ਼ਕਤੀਆਂ ਦੇ ਦਬਾਅ ਹੇਠ ਹੀ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਕਰਦਾ ਹੈ ਪਰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦੀ ਜਾਂਚ 'ਚ ਹੋਏ ਪ੍ਰਗਟਾਵਿਆਂ ਤੋਂ ਬਾਅਦ ਬਾਦਲ ਪ੍ਰਵਾਰ ਦੀ ਡੇਰੇਦਾਰਾਂ ਪ੍ਰਤੀ ਰਹਿਮਦਿਲੀ, ਦੋਸ਼ੀਆਂ ਵਿਰੁਧ ਇਕ ਵੀ ਲਫ਼ਜ਼ ਨਾ ਬੋਲਣ, ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੀ ਜਾਂਚ 'ਚ ਅੜਿੱਕੇ ਪਾਉਣ ਵਰਗੀਆਂ ਉਦਾਹਰਣਾਂ ਵੀ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਚੁਣਨ 'ਚ ਮੁਸੀਬਤ ਬਣ ਰਹੀਆਂ ਹਨ ਕਿਉਂਕਿ ਹੁਣ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਬਾਦਲ ਪ੍ਰਵਾਰ ਦੇ ਸੱਜੀ-ਖੱਬੀ ਬਾਂਹ ਗਿਣੇ ਜਾਂਦੇ ਮੂਹਰਲੀ ਕਤਾਰ ਦੇ ਆਗੂਆਂ ਦੀ ਬਗ਼ਾਵਤ ਤੋਂ ਬਾਅਦ ਬਾਦਲ ਪ੍ਰਵਾਰ ਨੂੰ ਅੰਦਰੋਂ ਤੇ ਬਾਹਰੋਂ ਮਿਲ ਰਹੀਆਂ ਚੁਨੌਤੀਆਂ ਦੇ ਮੱਦੇਨਜ਼ਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਬੜੀ ਸਾਵਧਾਨੀ ਵਰਤਣੀ ਪੈ ਰਹੀ ਹੈ।