ਅੱਜ ਅਕਾਲੀ ਦਲ ਕਾਰਪੋਰੇਟ ਅਕਾਲੀ ਦਲ ਬਣ ਚੁਕੈ, ਇਸ ਲਈ ਮੈਂਉਨ੍ਹਾਂਤੋਂ ਵੱਖ ਹੋਣਾ ਠੀਕ ਸਮਝਿਆ : ਸ਼ੰਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਨਿਆਂ ਵਲੋਂ ਗੁਰਦਵਾਰਾ ਪ੍ਰਬੰਧ ਬਚਾਉਣ ਲਈ ਸੰਗਤ ਦੇ ਸਹਿਯੋਗ ਦੀ ਕੀਤੀ ਬੇਨਤੀ

ਸੰਗਤ ਨੂੰ ਸੰਬੋਧਨ ਕਰਦੇ ਹੋਏ ਸ.ਗੁਰਮੀਤ ਸਿੰਘ ਸ਼ੰਟੀ, ਨਾਲ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਹੋਰ ਕਾਰਕੁਨ।

ਨਵੀਂ ਦਿੱਲੀ, 18 ਅਕਤੂਬਰ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਮੁੜ ਵਾਪਸੀ ਕਰਦੇ ਹੋਏ ਦਾਅਵਾ ਕੀਤਾ ਕਿ ਅੱਜ ਬਾਦਲ ਦਲ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਦੂਰ ਜਾ ਚੁਕਾ ਹੈ, ਇਸ ਲਈ ਉਹ ਸਰਨਾ ਦਲ ਵਿਚ ਵਾਪਸੀ ਕਰ ਰਹੇ ਹਨ।

ਸੰਗਤ ਨੂੰ ਸੰਬੋਧਨ ਕਰਦੇ ਹੋਏ ਸ.ਗੁਰਮੀਤ ਸਿੰਘ ਸ਼ੰਟੀ, ਨਾਲ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਹੋਰ ਕਾਰਕੁਨ।


ਇਥੋਂ ਦੇ ਇੰਦਰਲੋਕ ਵਿਖੇ ਅੱਜ ਬਾਅਦ ਦੁਪਹਿਰ ਨੂੰ ਹੋਏ ਇਕ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਦੇ ਕੇ ਸ਼ੰਟੀ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਕਿਹਾ ਸ਼ੰਟੀ ਮਿਹਨਤੀ ਤੇ ਜੁਝਾਰੂ ਹਨ, ਜਿਨ੍ਹਾਂ ਅਪਣੀ ਇਮਾਨਦਾਰੀ ਨਾਲ ਵਖਰਾ ਮੁਕਾਮ ਹਾਸਲ ਕੀਤਾ ਹੈ। ਖ਼ੁਸ਼ੀ ਹੈ ਕਿ ਉਹ ਅਪਣੀ ਪਾਰਟੀ ਅਕਾਲੀ ਦਲ ਦਿੱਲੀ ਵਿਚ ਮੁੜ ਪਰਤ ਆਏ ਹਨ। ਇਸ ਦੌਰਾਨ ਇਲਾਕੇ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸ.ਸ਼ੰਟੀ ਨੇ ਦੋਸ਼ ਲਾਇਆ, “ਬਾਦਲ ਦਲ ਤੇ ਦਿੱਲੀ ਗੁਰਦਵਾਰਾ ਕਮੇਟੀ ਵਿਚ ਸੱਭ ਕੁੱਝ ਚੰਗਾ ਨਹੀਂ ਵਾਪਰ ਰਿਹਾ। ਅੱਜ ਅਕਾਲੀ ਦਲ ਬਾਦਲ ਕਾਰਪੋਰੇਟ ਏਜੰਟ ਬਣ ਚੁਕਾ ਹੈ ਤੇ ਧਰਮ ਨਿਰਪੱਖ ਪਾਰਟੀ ਨਹੀਂ ਰਿਹਾ ਅਤੇ ਸੰਗਤ ਵਿਚ ਵੀ ਅਕਾਲੀ ਦਲ ਬਾਦਲ ਦਾ ਆਧਾਰ ਖੁਰਦਾ ਜਾ ਰਿਹਾ ਹੈ। ਮੇਰਾ ਦਮ ਘੁੱਟ ਰਿਹਾ ਸੀ, ਇਸ ਲਈ ਮੈਂ ਉਨ੍ਹਾਂ ਨੂੰ ਅਲਵਿਦਾ ਆਖਣਾ ਚੰਗਾ ਸਮਝਿਆ। ਸਰਨਾ ਜੀ ਨਾਲ ਪਹਿਲਾਂ ਵੀ ਕੰਮ ਕਰ ਚੁਕਾ ਹਾਂ, ਪਰ ਬਾਦਲ ਕਿਥੇ ਵੀ ਸਰਨਾ ਵਾਂਗ ਨਹੀਂ ਬਣ ਸਕਦੇ।''


ਸਰਨਿਆਂ ਦੇ ਲੰਮੇ ਕਾਰਜਕਾਲ ਵੇਲੇ ਸ਼ੰਟੀ ਜਨਰਲ ਸਕੱਤਰ ਰਹੇ ਤੇ ਪਿਛੋਂ ਤਿੱਖੇ ਮਤਭੇਦਾਂ ਕਰ ਕੇ ਉਹ ਸਰਨਾ ਤੋਂ ਵੱਖ ਹੋ ਕੇ ਸਰਨਿਆਂ ਲਈ ਚੁਨੌਤੀ ਬਣ ਗਏ ਸਨ।


ਇਸ ਮੌਕੇ ਸਰਨਾ ਭਰਾਵਾਂ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਗੁਰਦਵਾਰਾ ਕਮੇਟੀ ਦੇ ਅਦਾਰਿਆਂ ਨੂੰ ਬਰਬਾਦੀ ਕੰਢੇ ਲਿਆ ਖੜਾ ਕਰ ਦਿਤਾ ਹੈ। ਅਦਾਰਿਆਂ ਦੀ ਰਾਖੀ ਲਈ ਸੰਗਤ ਸਹਿਯੋਗ ਕਰੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ.ਰਮਨਦੀਪ ਸਿੰਘ, ਸ.ਤਜਿੰਦਰ ਸਿੰਘ ਭਾਟੀਆ, ਸ.ਗੁਰਪ੍ਰੀਤ ਸਿੰਘ ਖੰਨਾ ਸਣੇ ਸਰਨਾ ਦਲ ਦੇ ਹੋਰ ਕਾਰਕੁਨ ਵੀ ਸ਼ਾਮਲ ਹੋਏ।