Big Breaking: ਰਣਜੀਤ ਕਤਲ ਕੇਸ 'ਚ ਸੌਦਾ ਸਾਧ ਨੂੰ ਹੋਈ ਉਮਰ ਕੈਦ ਦੀ ਸਜ਼ਾ
ਪੰਚਕੁਲਾ ਦੀ ਸੀਬੀਆਈ ਕੋਰਟ ਵੱਲੋਂ ਸੁਣਾਈ ਗਈ ਸਜ਼ਾ
ਪੰਚਕੂਲਾ : ਡੇਰਾ ਮੁਖੀ ਸੌਦਾ ਸਾਧ ਵਿਰੁੱਧ ਚੱਲ ਰਹੇ ਰਣਜੀਤ ਕਤਲ ਕੇਸ ਵਿਚ ਸੀਬੀਆਈ ਅਦਾਲਤ ਨੇ ਦੋਸ਼ੀ ਡੇਰਾ ਮੁਖੀ ਸੌਦਾ ਸਾਧ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਰਾਮ ਰਹੀਮ ਨੂੰ 31 ਲੱਖ ਦਾ ਜ਼ੁਰਮਾਨਾ ਵੀ ਠੋਕਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜ਼ੁਰਮਾਨਾ ਦੇਣਾ ਪਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਡੇਰਾ ਸੱਚਾ ਸੌਦਾ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ। ਉਸ ਸਮੇਂ ਡੇਰਾ ਮੁਖੀ ਸੌਦਾ ਸਾਧ ਸਣੇ ਉਸ ਦੇ ਚਾਰ ਸਾਥੀਆਂ ਅਵਤਾਰ, ਜਸਬੀਰ, ਸਬਦਿਲ ਅਤੇ ਕ੍ਰਿਸ਼ਨ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਸੀ।
Ram Rahim
ਇਸ ਤੋਂ ਪਹਿਲਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਸੁਨਾਰੀਆ ਜੇਲ੍ਹ ਤੋਂ ਕੋਰਟ ਰੂਮ ਨਾਲ ਜੁੜਿਆ ਹੋਇਆ ਸੀ।
ਪਿਛਲੀ ਸੁਣਵਾਈ ਦੌਰਾਨ ਸੀਬੀਆਈ ਨੇ ਕੋਰਟ ’ਚ ਰਾਮ ਰਹੀਮ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਅੱਠ ਪੰਨਿਆਂ ਦੀ ਰਹਿਮ ਦੀ ਅਪੀਲ ਦਾਇਰ ਕੀਤੀ ਸੀ, ਜਿਸ ਵਿਚ ਸਾਧ ਨੇ 100 ਤੋਂ ਜ਼ਿਆਦਾ ਚੰਗੇ ਕੰਮਾਂ ਦਾ ਜ਼ਿਕਰ ਕੀਤਾ ਸੀ। ਜਾਣਕਾਰੀ ਮੁਤਾਬਕ ਸੌਦਾ ਸਾਧ ਪਿਛਲੀ ਸੁਣਵਾਈ ਦੌਰਾਨ ਹੱਥ ਜੋੜ ਕੇ ਰਹਿਮ ਦੀ ਅਪੀਲ ਕਰ ਰਿਹਾ ਸੀ।
Ranjit Singh Murder Case
ਮਾਮਲੇ ਦੇ ਮੁੱਖ ਦੋਸ਼ੀ ਦੀ ਪੇਸ਼ੀ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਹੋਈ ਸੀ, ਜਦਕਿ ਚਾਰ ਦੋਸ਼ੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਸੀ। ਰਣਜੀਤ ਸਿੰਘ ਕਤਲ ਮਾਮਲੇ ਵਿਚ ਰਾਮ ਰਹੀਮ ਨੂੰ ਦੋਸ਼ੀ ਠਹਿਰਾਉਣ ਵਿਚ ਉਸ ਦੇ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਬੇਹੱਦ ਅਹਿਮ ਸਾਬਤ ਹੋਈ।