ਹੁਣ ਤੱਕ 1 ਕਰੋੜ 38 ਲੱਖ ਪੰਜਾਬੀਆਂ ਨੂੰ ਆਈਵੀਆਰ ਕਾਲ ਕਰ ਚੁੱਕੇ ਹਨ ਕੇਜਰੀਵਾਲ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਕੇਜਰੀਵਾਲ ਦੇ ਬੋਲ: ਪੰਜਾਬ ਦੇ ਬੁਰੇ ਦਿਨ ਹੁਣ ਜਾਣ ਵਾਲੇ ਹਨ, ਬੱਸ ਤੁਹਾਡਾ ਸਾਥ ਚਾਹੀਦਾ

Bhagwant Mann

 

ਚੰਡੀਗੜ੍ਹ - ''ਹੈਲੋ! ਨਮਸ਼ਕਾਰ ਜੀ, ਸਤਿ ਸ੍ਰੀ ਅਕਾਲ ਜੀ .. .. ..
ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ, ਜੀ-ਜੀ।  ਦਿੱਲੀ ਦਾ ਮੁੱਖ ਮੰਤਰੀ। ਤੁਸੀਂ ਕਿਵੇਂ ਹੋ? ਤੁਹਾਡੇ ਨਾਲ ਦੋ ਮਿੰਟ ਗੱਲ ਕਰਨੀ ਸੀ। ਪੰਜਾਬ 'ਚ ਚੋਣਾ ਹੋਣ ਵਾਲੀਆਂ ਹਨ। ਪੰਜਾਬ ਦੇ ਮਾੜੇ ਦਿਨ ਹੁਣ ਜਾਣ ਵਾਲੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਗੇ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਉਸ ਤੋਂ ਬਾਅਦ ਪੰਜਾਬ ਦੀ ਤਰੱਕੀ ਲਈ ਕੀ ਕਰਨਾ ਹੈ?

ਅਸੀਂ ਇਸ ਦੇ ਲਈ ਪੂਰੀ ਯੋਜਨਾ ਬਣਾ ਰਹੇ ਹਾਂ। ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਕਰਾਂਗੇ ਅਤੇ ਪੰਜਾਬ ਵਿੱਚ ਵੀ 24 ਘੰਟੇ ਬਿਜਲੀ ਮਿਲੇਗੀ.. ਜਿਵੇਂ ਦਿੱਲੀ ਵਿੱਚ ਕੀਤਾ ਹੈ। ਪੰਜਾਬ ਦੇ ਹਰ ਵਿਅਕਤੀ ਲਈ ਮੁਫ਼ਤ ਅਤੇ ਚੰਗੇ ਇਲਾਜ ਦਾ ਪ੍ਰਬੰਧ ਕਰਾਂਗੇ, ਜਿਵੇਂ ਦਿੱਲੀ ਵਿੱਚ ਕੀਤਾ ਹੈ। ਸਾਰੀਆਂ ਦਵਾਈਆਂ, ਸਾਰੇ ਟੈੱਸਟ, ਸਾਰੇ ਇਲਾਜ, ਮਹਿੰਗੇ ਤੋਂ ਮਹਿੰਗੇ ਅਪ੍ਰੇਸ਼ਨ ਹਰ ਕਿਸੇ ਲਈ ਮੁਫ਼ਤ ਹੋਣਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਯੋਜਨਾਵਾਂ ਬਣਾ ਰਹੇ ਹਾਂ। ਮੈਂ ਤੁਹਾਨੂੰ ਫ਼ੋਨ ਕਰਕੇ ਹਰ ਯੋਜਨਾ ਤੁਹਾਡੇ ਨਾਲ ਸਾਂਝੀ ਕਰਦਾ ਰਹਾਂਗਾ। ਹੁਣ ਪੰਜਾਬ ਦਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ, ਬੱਸ ਤੁਹਾਡਾ ਸਾਥ ਚਾਹੀਦਾ ਹੈ.... ਨਮਸ਼ਕਾਰ।''ਆਈਵੀਆਰ ਫੋਰ ਕਾਲ 'ਤੇ ਸ਼ੁੱਧ ਪੰਜਾਬੀ ਭਾਸ਼ਾ ਵਿੱਚ ਗੱਲ ਕਰਨ ਵਾਲੇ ਇਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ, ''2022 ਦੇ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ-ਕੱਲ੍ਹ ਪੰਜਾਬ ਦੇ ਲੋਕਾਂ ਨਾਲ ਸਿੱਧੇ ਫ਼ੋਨ 'ਤੇ ਸੰਪਰਕ ਕਰ ਰਹੇ ਹਨ। ਕੇਜਰੀਵਾਲ ਹੁਣ ਤੱਕ ਇੱਕ ਕਰੋੜ ਤੋਂ ਜ਼ਿਆਦਾ ਪੰਜਾਬੀਆਂ ਤੱਕ ਠੇਠ ਪੰਜਾਬੀ ਵਿੱਚ ਆਪਣਾ ਸੰਦੇਸ਼ ਪਹੁੰਚਾਉਣ ਵਿੱਚ ਸਫਲ ਹੋਏ ਹਨ ਅਤੇ ਫ਼ੋਨ 'ਤੇ ਸਿੱਧੀ ਗੱਲਬਾਤ ਕਰਨ ਦੀ ਇਹ ਮੁਹਿੰਮ ਅਜੇ ਵੀ ਜਾਰੀ ਹੈ।''

ਭਗਵੰਤ ਮਾਨ ਅਤੇ ਜਰਨਲ ਸਿੰਘ ਨੇ ਦੱਸਿਆ ਕਿ ਫ਼ੋਨ 'ਤੇ ਆਈਵੀਆਰ ਕਾਲ ਦੇ ਰਾਹੀਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਸ਼ੁਰੂਆਤ 8 ਅਕਤੂਬਰ ਨੂੰ ਕੀਤੀ ਗਈ ਸੀ। ਲੰਘੀ 17 ਅਕਤੂਬਰ ਦਿਨ ਐਤਵਾਰ ਤੱਕ ਅਰਵਿੰਦ ਕੇਜਰੀਵਾਲ ਨੇ ਕਰੀਬ 1.38 ਕਰੋੜ ਪੰਜਾਬੀਆਂ ਨਾਲ ਸਿੱਧੀ ਗੱਲਬਾਤ ਕਰਕੇ ਨਾ ਕੇਵਲ 2022 'ਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ ਦਿੱਤਾ ਹੈ, ਸਗੋਂ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਬਣਾਈ ਜਾ ਰਹੀ ਠੋਸ ਅਤੇ ਦੂਰਅੰਦੇਸ਼ੀ ਯੋਜਨਾ ਸੰਬੰਧੀ ਵੀ ਦੱਸਿਆ ਹੈ।

ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਪੰਜਾਬੀ ਬੋਲੀ ਵਾਲੀ 1 ਮਿੰਟ 12 ਸੈਕੰਡ ਦੀ ਆਈਵੀਆਰ ਕਾਲ ਮੀਡੀਆ ਨੂੰ ਜਾਰੀ ਕੀਤੀ ਅਤੇ ਕਿਹਾ ਕਿ ਅਰਵਿੰਦ ਕੇਜਰੀਵਾਲ 'ਕਥਨੀ ਅਤੇ ਕਰਨੀ' ਵਾਲੇ ਦ੍ਰਿੜ੍ਹ ਇਰਾਦੇ ਵਾਲੇ ਆਗੂ ਹਨ। ਕੇਜਰੀਵਾਲ ਕੇਵਲ ਸੱਤਾ ਹਾਸਲ ਕਰਨ ਲਈ ਜੁਮਲਿਆਂ ਅਤੇ ਲਾਰਿਆਂ 'ਤੇ ਵਿਸ਼ਵਾਸ ਨਹੀਂ ਕਰਦੇ। ਕੇਜਰੀਵਾਲ ਘੱਟ ਬੋਲ ਕੇ ਜ਼ਿਆਦਾ ਕੰਮ ਕਰਕੇ ਦਿਖਾਉਣ ਵਾਲੀ 'ਕੰਮ ਦੀ ਰਾਜਨੀਤੀ' ਵਿੱਚ ਵਿਸ਼ਵਾਸ ਰੱਖਦੇ ਹਨ। ਦਿੱਲੀ ਦੀਆਂ ਸਾਲ 2015 ਦੀਆਂ ਚੋਣਾ ਦੌਰਾਨ ਲੋਕਾਂ ਨਾਲ ਜਿੰਨੇ ਵਾਅਦੇ ਕੀਤੇ ਸਨ

ਸਾਲ 2020 ਦੀਆਂ ਚੋਣਾ ਤੋਂ ਪਹਿਲਾਂ ਉਨ੍ਹਾਂ ਤੋਂ ਜ਼ਿਆਦਾ ਕੰਮ ਕਰਕੇ ਦਿਖਾਇਆ ਸੀ। ਇਹੀ ਕਾਰਨ ਸੀ ਕਿ ਦੇਸ਼ ਦੇ ਇਤਿਹਾਸ ਵਿੱਚ 2020 ਦੇ ਦਿੱਲੀ ਚੋਣਾ ਦੌਰਾਨ ਆਮ ਆਦਮੀ ਪਾਰਟੀ ਇਕੱਲੀ ਪਾਰਟੀ ਸੀ, ਜਿਸ ਨੇ ਦਿੱਲੀ ਦੇ ਵੋਟਰਾਂ ਕੋਲ ਜਾ ਕੇ ਇਹ ਕਹਿੰਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਕਿ ਜੇ ਕੇਜਰੀਵਾਲ ਸਰਕਾਰ ਨੇ ਪਿਛਲੇ 5 ਸਾਲ (2015-2020) ਤੱਕ ਕੰਮ ਕੀਤਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਦਿਓ, ਵਰਨਾ ਨਾ ਦੇਣਾ। ਪਰ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਰਕਾਰ ਦੀ ਕੰਮ ਦੀ ਰਾਜਨੀਤੀ ਨੂੰ ਸਲਾਮ ਕਰਦਿਆਂ 2015 ਦੀ ਤਰਾਂ ਹੀ ਰਿਕਾਰਡ ਵੋਟਾਂ ਪਾ ਜਿਤਾਇਆ ਅਤੇ 70 ਵਿਚੋਂ 62 ਸੀਟਾਂ ਅਰਵਿੰਦ ਕੇਜਰੀਵਾਲ ਦੀ ਝੋਲੀ ਵਿੱਚ ਪਾਈਆਂ।

ਜਰਨੈਲ ਸਿੰਘ ਅਨੁਸਾਰ ਇਹੀ ਕਾਰਨ ਹੈ ਕਿ ਅੱਜ ਕਾਂਗਰਸ ਅਤੇ ਬਾਦਲ- ਭਾਜਪਾ ਦੀਆਂ ਲਾਰੇਬਾਜ਼ ਅਤੇ ਲੁਟੇਰੀਆਂ ਸਰਕਾਰਾਂ ਤੋਂ ਨਿਰਾਸ, ਹਿਤਾਸ਼ ਅਤੇ ਟੁੱਟ ਚੁੱਕੇ ਲੋਕ ਆਮ ਆਦਮੀ ਪਾਰਟੀ ਨੂੰ ਹੀ ਇੱਕੋ-ਇੱਕ ਉਮੀਦ ਮੰਨ ਰਹੇ ਹਨ, ਜਿਹੜੀ ਕੰਮ ਦੀ ਰਾਜਨੀਤੀ ਦੇ ਭਰੋਸੇ ਨਾਲ ਲੋਕਾਂ ਅਤੇ ਪੰਜਾਬ ਦੇ ਸੰਕਟ ਤੇ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ।