ਸਿੱਖ ਧਰਮ ਦੀ ਮਰਿਆਦਾ ਮੁਤਾਬਕ ਪਾਇਆ ਜਾਵੇ ਲਖਬੀਰ ਸਿੰਘ ਦਾ ਭੋਗ
ਸਿੱਖ ਧਰਮ ਦੀ ਮਰਿਆਦਾ ਮੁਤਾਬਕ ਪਾਇਆ ਜਾਵੇ ਲਖਬੀਰ ਸਿੰਘ ਦਾ ਭੋਗ
ਚੰਡੀਗੜ੍ਹ, 18 ਅਕਤੂਬਰ (ਪ੍ਰਕਾਸ਼): ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਦਾ ਭੋਗ ਸਿੱਖ ਧਰਮ ਮੁਤਾਬਕ ਕਰਵਾਇਆ ਜਾਵੇ।
ਸਾਂਪਲਾ ਨੇ ਕਿਹਾ,‘‘ਤੁਹਾਨੂੰ ਇਸ ਦੀ ਵੀ ਜਾਣਕਾਰੀ ਹੋਵੇਗੀ ਕਿ ਉਸ ਦੇ ਅੰਤਮ ਸਸਕਾਰ ’ਤੇ ਕੁੱਝ ਲੋਕਾਂ ਖ਼ਾਸਕਰ ਸਤਿਕਾਰ ਕਮੇਟੀ ਵਲੋਂ ਇਹ ਕਹਿੰਦੇ ਹੋਏ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਦੇ ਅੰਤਮ ਸਸਕਾਰ ’ਤੇ ਸਿੱਖ ਮਰਿਆਦਾ ਮੁਤਾਬਕ ਅਰਦਾਸ ਨਹੀਂ ਕਰਨ ਦਿਤੀ ਗਈ।’’ ਪੱਤਰ ਜ਼ਰੀਏ ਸਾਂਪਲਾ ਨੇ ਦਸਿਆ ਕਿ ਵਾਇਰਲ ਵੀਡੀਉ ਵਿਚ ਕੁੱਝ ਲੋਕ ਤੜਪਦੇ ਹੋਏ ਲਖਬੀਰ ਸਿੰਘ ਦੇ ਕੋਲ ਖੜੇ ਹੋ ਕੇ ਬੋਲ ਰਹੇ ਹਨ ਕਿ ਇਸ ਨੇ ਬੇਅਦਬੀ ਕੀਤੀ ਹੈ, ਪਰ ਸੱਚ ਤਾਂ ਇਹ ਹੈ ਕਿ ਇਸ ਸਬੰਧ ਵਿਚ ਹੁਣ ਤਕ ਕੋਈ ਵੀ ਵੀਡੀਉ ਜਾਂ ਫਿਰ ਫ਼ੋਟੋ ਪ੍ਰਮਾਣ ਦੇ ਰੂਪ ਵਿਚ ਸਾਹਮਣੇ ਨਹੀਂ ਆਇਆ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਅਨੁਸੂਚਿਤ ਜਾਤੀ ਦੇ ਸਿੱਖ ਨੇ ਬੇਅਦਬੀ ਕੀਤੀ ਸੀ।
ਸਾਂਪਲਾ ਨੇ ਅੱਗੇ ਕਿਹਾ ਕਿ ਵੀਡੀਉ ਜੋ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਇਕ ਵਿਚ ਜ਼ਮੀਨ ’ਤੇ ਪਿਆ ਲਖਬੀਰ ਸਿੰਘ ਦਾ ਬੇਰਹਿਮੀ ਨਾਲ ਕਟੇ ਹੱਥ ਦੇ ਨਾਲ ਦਰਦ ਮਹਿਸੂਸ ਕਰਦਾ ਵਿਖਾਈ ਦੇ ਰਿਹਾ ਹੈ, ਦੂਜੇ ਵੀਡੀਉ ਵਿਚ ਉਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਮੰਚ ਦੇ ਕੋਲ ਉਲਟਾ ਟੰਗਿਆ ਗਿਆ ਹੈ ਅਤੇ ਤੀਜੇ ਵੀਡੀਓ ਵਿਚ ਉਸ ਨੂੰ ਬੈਰੀਕੇਟ ਦੇ ਨਾਲ ਟੰਗਿਆ ਹੋਇਆ ਹੈ। ਜਦੋਂ ਤਕ ਪੁਲਿਸ ਦੀ ਜਾਂਚ ਪੜਤਾਲ ਵਿਚ ਇਹ ਸਾਬਤ ਨਹੀਂ ਹੋ ਜਾਂਦਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਦੋਂ ਤਕ ਅਨੁਸੂਚਿਤ ਜਾਤੀ ਦੇ ਲਖਬੀਰ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਉਂਜ ਵੀ ਵਾਇਰਲ ਵੀਡੀਉ ਵਿਚ ਉੱਥੇ ਖੜੇ ਨਿਹੰਗ ਸਿੱਖ /ਲੋਕ ਅਪਣੇ ਆਪ ਬੋਲ ਰਹੇ ਹਨ ਕਿ ਲਖਬੀਰ ਸਿੰਘ ਸਰਬਲੋਹ ਗ੍ਰੰਥ ਦੀ ਪੌਥੀ ਲੈ ਕੇ ਭੱਜ ਰਿਹਾ ਸੀ।
ਸਾਂਪਲਾ ਨੇ ‘ਜਥੇਦਾਰ’ ਨੂੰ ਅਪੀਲ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਮੌਤ ਦਾ ਸ਼ਿਕਾਰ ਹੋਏ ਲਖਬੀਰ ਸਿੰਘ ਦੀ ਅੰਤਮ ਰਸਮਾਂ ਸਿੱਖ ਮਰਿਆਦਾ ਮੁਤਾਬਕ ਕੀਤੇ ਜਾਣ ਦੀ ਆਗਿਆ ਦਿਤੀ ਜਾਵੇ।