ਰਾਜਾ ਵੜਿੰਗ ਦੇ ਮੰਤਰੀ ਬਣਦਿਆਂ ਹੀ 1 ਦਿਨ ਵਿਚ ਪੰਜਾਬ ਰੋਡਵੇਜ਼ ਨੂੰ ਹੋਇਆ 40 ਲੱਖ ਦਾ ਮੁਨਾਫ਼ਾ
ਕਿਹਾ- ਕੰਡਮ ਹੋਈਆਂ ਬੱਸਾਂ ਨੂੰ ਬਦਲ ਕੇ ਸ਼ੁਰੂ ਕਰਾਂਗੇ ਨਵੀਆਂ ਬੱਸਾਂ
ਮੁਕਤਸਰ ਸਾਹਿਬ: ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਅੱਜ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਪਹੁੰਚੇ ਹਨ। ਰਾਜਾ ਵੜਿੰਗ ਦੇ ਮੰਤਰੀ ਬਣਦਿਆਂ ਹੀ 1 ਦਿਨ ਵਿਚ ਪੰਜਾਬ ਰੋਡਵੇਜ਼ ਨੇ 40 ਲੱਖ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਇਸ ਦੇ ਨਾਲ ਹੀ ਨਿੱਜੀ ਬੱਸਾਂ ਅਤੇ ਜੋ ਨਜਾਇਜ਼ ਬੱਸਾਂ ਚੱਲ ਰਹੀਆਂ ਸਨ, ੳਨ੍ਹਾਂ ਨੂੰ ਬ੍ਰੇਕਾਂ ਲਗਾ ਦਿੱਤੀਆਂ ਗਈਆਂ ਹਨ। ਇਸ ਜਾਣਕਾਰੀ ਰਾਜਾ ਵੜਿੰਗ ਵੱਲੋਂ ਮੁਕਤਸਰ ਸਾਹਿਬ ਪਹੁੰਚ ਕੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਰੂਟਾਂ ’ਤੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਅਤੇ ਨਜਾਇਜ਼ ਬੱਸਾਂ ’ਤੇ ਅਸੀਂ ਬ੍ਰੇਕਾਂ ਲਗਾ ਰਹੇ ਹਾਂ ਹਾਲਾਂਕਿ ਉਨ੍ਹਾਂ ਬੱਸਾਂ ਵੱਲੋਂ ਖੁਦ ਹੀ ਸਰੰਡਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਮੁਨਾਫ਼ੇ ਤੋਂ ਬਾਅਦ ਹੁਣ ਜੋ ਕੰਡਮ ਬੱਸਾਂ ਹਨ ਉਨ੍ਹਾਂ ਨੂੰ ਬਦਲਿਆ ਜਾਵੇਗਾ ਅਤੇ ਨਵੀਆਂ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ, ਸਰਮਾਏਦਾਰਾਂ ਵੱਲੋਂ ਕਮਾਈ ਵਾਲੇ ਸਰਕਾਰੀ ਰੂਟਾਂ ਦੇ ਪਰਮਿਟ ਸਰੰਡਰ ਕਰਵਾ ਦਿੱਤੇ ਗਏ ਅਤੇ ਉਨ੍ਹਾਂ ਰੂਟਾਂ ਉੱਤੇ ਆਪਣੀਆਂ ਬੱਸਾਂ ਚਲਾ ਕੇ ਇਸ ਤੋਂ ਵੱਡੀ ਦੌਲਤ ਇਕੱਠੀ ਕੀਤੀ ਸੀ। ਵੜਿੰਗ ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੇ 40 ਲੱਖ ਰੁਪਏ ਦਾ ਮੁਨਾਫ਼ਾ ਇਕੱਠਾ ਕੀਤਾ ਹੈ ਅਤੇ ਆਉਣ ਵਾਲੇ 3 ਮਹੀਨਿਆਂ ਵਿਚ ਟਰਾਂਸਪੋਰਟ ਵਿਭਾਗ ਇੱਕ ਚੰਗਾ ਕਮਾਉਣ ਵਾਲਾ ਬਣ ਜਾਵੇਗਾ।