ਪੰਜਾਬ CM ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਦੀ ਸ਼ਲਾਘਾ
ਕਿਹਾ, ਤਿੰਨ ਕਾਲੇ ਖੇਤੀ ਕਾਨੂੰਨ ਮੋਦੀ ਸਰਕਾਰ ਦੇ ਕੁਝ ਪੂੰਜੀਵਾਦੀ ਦੋਸਤਾਂ ਦੇ ਫ਼ਾਇਦੇ ਲਈ ਭਾਰਤ ਦੇ ਕਿਸਾਨਾਂ ਨੂੰ ਕੁਚਲਣ ਦੀ ਸਾਜ਼ਿਸ਼ ਦਾ ਨਤੀਜਾ ਹਨ।
ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ (CWC) ਵੱਲੋਂ ਪਿਛਲੇ ਸ਼ਨੀਵਾਰ ਨੂੰ ਹੋਈ ਕਮੇਟੀ ਦੀ ਮੀਟਿੰਗ ਵਿਚ ਮਤਾ ਪਾਸ ਕਰਕੇ ਕਿਸਾਨਾਂ ਦੀ ਦੁਰਦਸ਼ਾ ਪ੍ਰਤੀ ਚਿੰਤਾ ਪ੍ਰਗਟਾਉਣ ਅਤੇ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਉਨ੍ਹਾਂ ਨਾਲ ਇਕਜੁਟਤਾ ਨਾਲ ਖੜ੍ਹੇ ਹੋਣ ਦੀ ਸ਼ਲਾਘਾ ਕੀਤੀ।
ਮਤੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਮੋਦੀ ਸਰਕਾਰ ਦੇ ਕੁਝ ਪੂੰਜੀਵਾਦੀ ਦੋਸਤਾਂ ਦੇ ਫ਼ਾਇਦੇ ਲਈ ਭਾਰਤ ਦੇ ਕਿਸਾਨਾਂ ਨੂੰ ਕੁਚਲਣ ਦੀ ਸਾਜ਼ਿਸ਼ ਦਾ ਨਤੀਜਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਢੇ ਦਸ ਮਹੀਨਿਆਂ ਤੋਂ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਨੂੰ ਕੌਮੀ ਰਾਜਮਾਰਗ 'ਤੇ ਸਪਾਈਕਸ ਅਤੇ ਪੱਥਰ ਲਗਾ ਕੇ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਤਕਰੀਬਨ ਇੱਕ ਹਜ਼ਾਰ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਹਨ ਪਰ ਜ਼ਾਲਮ ਮੋਦੀ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰੀ ਹੈ। ਉਹਨਾਂ ਅੱਗੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ (INC) ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਚਨਬੱਧ ਹੈ ਅਤੇ ਭਾਰਤ ਦੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਯਕੀਨੀ ਬਣਾਉਣ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਲਈ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਆਈਐਨਸੀ ਦੇਸ਼ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਦੋਂ ਸਫ਼ਲ ਹੋਏ ਸੀ ਅਤੇ ਹੁਣ ਅਸੀਂ ਤਿੰਨ "ਕਾਲੇ ਕਾਨੂੰਨਾਂ" ਵਿਰੁੱਧ ਜੰਗ ਵਿਚ ਸਫ਼ਲ ਹੋਵਾਂਗੇ। ਉਹਨਾਂ ਅੱਗੇ ਕਿਹਾ ਕਿ ਅਸੀਂ ਭਾਰਤ ਦੇ ਅੰਨਦਾਤਾ 'ਤੇ ਮੋਦੀ ਸਰਕਾਰ ਦੇ ਜਾਣਬੁੱਝ ਕੇ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਮਿਲ ਕੇ ਇਸ ਲੜਾਈ ਨੂੰ ਲੜਨ ਦੇ ਆਪਣੇ ਨਿਰੰਤਰ ਸੰਕਲਪ ਨੂੰ ਦੁਹਰਾਉਂਦੇ ਹਾਂ।