ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮ ਆਪਣੇ ਪਰਿਵਾਰ ਨਾਲ ਨਹੀਂ ਮਨਾ ਸਕਣਗੇ ਦੀਵਾਲੀ ਦਾ ਤਿਉਹਾਰ, ਜਾਣੋ ਕਿਉਂ

ਏਜੰਸੀ

ਖ਼ਬਰਾਂ, ਪੰਜਾਬ

ਕਮਿਸ਼ਨਰ ਨੇ ਦੀਵਾਲੀ ਦੇ ਸੀਜ਼ਨ ਦੌਰਾਨ ਦੂਜੀਆਂ ਬ੍ਰਾਂਚਾਂ ਦੇ ਡਰਾਈਵਰਾਂ ਨੂੰ ਅਸਥਾਈ ਰੂਪ ’ਚ ਫਾਇਰ ਬ੍ਰਿਗੇਡ ਵਿੰਗ ’ਚ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ

Fire brigade wing employees will not be able to celebrate Diwali with their families

 

ਲੁਧਿਆਣਾ:  ਦੀਵਾਲੀ ਦੇ ਸੀਜ਼ਨ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਛੁੱਟੀ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ।  ਫਾਇਰ ਬ੍ਰਿਗੇਡ ਵਿੰਗ ਵੱਲੋਂ 6 ਮਹੀਨਿਆਂ ਲਈ 120 ਫਾਇਰਮੈਨ ਅਤੇ ਡਰਾਈਵਰਾਂ ਦੀ ਮੰਗ ਕੀਤੀ ਗਈ ਸੀ ਪਰ ਐੱਫ. ਐਂਡ ਸੀ. ਸੀ. ਦੀ ਮੀਟਿੰਗ ’ਚ 2 ਮਹੀਨਿਆਂ ਲਈ ਸਿਰਫ 45 ਮੁਲਾਜ਼ਮ ਰੱਖਣ ਦੀ ਮਨਜ਼ੂਰੀ ਦਿੱਤੀ ਗਈ, ਜਦੋਂ ਕਿ ਪੇਸਕੋ ਨੇ 6 ਮਹੀਨਿਆਂ ਤੋਂ ਘੱਟ ਸਟਾਫ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਹਾਲਾਤ ’ਚ ਕਮਿਸ਼ਨਰ ਨੇ ਦੀਵਾਲੀ ਦੇ ਸੀਜ਼ਨ ਦੌਰਾਨ ਦੂਜੀਆਂ ਬ੍ਰਾਂਚਾਂ ਦੇ ਡਰਾਈਵਰਾਂ ਨੂੰ ਅਸਥਾਈ ਰੂਪ ’ਚ ਫਾਇਰ ਬ੍ਰਿਗੇਡ ਵਿੰਗ ’ਚ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ ਫਾਇਰਮੈਨਾਂ ਦੀ ਕਮੀ ਬਰਕਰਾਰ ਰਹੇਗੀ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਦੀਵਾਲੀ ਦੇ ਸੀਜ਼ਨ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਛੁੱਟੀ ਦੇਣ ’ਤੇ ਰੋਕ ਲਗਾ ਦਿੱਤੀ ਹੈ।

ਦੀਵਾਲੀ ਦੌਰਾਨ ਪਟਾਕਿਆ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਤੋਂ ਵੱਧ ਵਾਪਰਦੀਆਂ ਹਨ। ਇਸ ਘਟਨਾ ਦੌਰਾਨ ਫਾਇਰ ਬ੍ਰਿਗੇਡ ਵਿੰਗ ਦੇ ਮੁਲਾਜ਼ਮਾਂ ਨੂੰ ਮੁੱਖ ਰੂਪ ’ਚ ਗੱਡੀਆਂ ’ਚ ਪਾਣੀ ਦੀ ਰੀਫਿਲਿੰਗ ਨੂੰ ਲੈ ਕੇ ਮੁਸ਼ਕਿਲ ਹੁੰਦੀ ਹੈ ਕਿਉਂਕਿ ਜਿਸ ਯੂਨਿਟ ’ਚ ਅੱਗ ਲੱਗਣ ਦੀ ਘਟਨਾ ਹੁੰਦੀ ਹੈ, ਉਸ ਏਰੀਆ ਦੀ ਲਾਈਟ ਬੰਦ ਰਹਿਣ ਕਾਰਨ ਮੋਟਰ ਜਾਂ ਟਿਊਬਵੈੱਲ ਨਹੀਂ ਚੱਲਦੇ, ਜਿਸ ਦੇ ਮੱਦੇਨਜ਼ਰ ਰੀਫਿਲਿੰਗ ਪੁਆਇੰਟ ’ਤੇ ਮੁਲਾਜ਼ਮਾਂ ਨੂੰ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਲਾਈਟ ਬੰਦ ਰਹਿਣ ਦੀ ਸੂਰਤ ’ਚ ਜਨਰੇਟਰ ਦਾ ਇੰਤਜ਼ਾਮ ਕੀਤਾ ਗਿਆ ਹੈ।