ਟਰੈਵਲ ਏਜੰਟਾਂ ਦੀ ਠੱਗੀ ਦਾ ਹੋਏ ਸ਼ਿਕਾਰ, ਪੈਸੇ ਵਾਪਸ ਲੈਣ ਲਈ 3 ਵਿਅਕਤੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ’ਤੇ ਚੜੇ, ਇਨਸਾਫ਼ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਪੀੜ੍ਹਤ ਪਰਿਵਾਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਨਸਾਫ ਨਾ ਮਿਲਣ ਤਕ ਥੱਲੇ ਨਹੀ ਆਉਣਗੇ।

Victims of travel agents' fraud

 

ਬਠਿੰਡਾ: ਪੰਜਾਬ ’ਚ ਠੱਗੀ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਸਥਾਨਕ ਸ਼ਹਿਰ ਦੇ ਇਕ ਟਰੈਵਲ ਏਜੰਟ ਅਤੇ ਉਸ ਦੇ ਦੋ ਹੋਰ ਸਾਥੀਆਂ ਨੇ ਕੁਝ ਪਰਿਵਾਰਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ ਗਈ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। 

ਪਿਛਲੇ ਕੁਝ ਦਿਨ੍ਹਾਂ ਤੋਂ ਪੀੜ੍ਹਤ ਪਰਿਵਾਰ ਟਰੈਵਲ ਏਜੰਟਾਂ ਦੇ ਘਰਾਂ ਅੱਗੇ ਧਰਨੇ ਲਗਾ ਕੇ ਆਪਣੇ ਪੈਸੇ ਵਾਪਿਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਹਾਲ ਦੀ ਘੜੀ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ। ਜਿਸ ਕਰ ਕੇ ਪ੍ਰੇਸ਼ਾਨ ਹੋ ਕੇ ਤਿੰਨ ਪੀੜ੍ਹਤ ਵਿਅਕਤੀ ਸਵੇਰ ਹੋਣ ਤੋਂ ਪਹਿਲਾਂ ਹੀ ਸਥਾਨਿਕ ਸ਼ਹਿਰ ਦੀ ਮਾਰਕਿਟ ਕਮੇਟੀ ਵਿਚ ਬਣੀ ਵਾਟਰ ਵਰਕਸ ਦੀ ਟੈਂਕੀ ਉੱਪਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ। 

ਪੀੜ੍ਹਤ ਪਰਿਵਾਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਨਸਾਫ ਨਾ ਮਿਲਣ ਤਕ ਥੱਲੇ ਨਹੀ ਆਉਣਗੇ। ਇਸ ਮੌਕੇ ਮਹਿਲਾ ਆਗੂ ਕੁਲਦੀਪ ਕੌਰ ਬਰਾੜ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਪਿਛਲੇ ਕੁਝ ਦਿਨਾਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਪੀੜ੍ਹਤ ਪਰਿਵਾਰਾਂ ਵਲੋਂ ਟੈਂਕੀ 'ਤੇ ਚੜ੍ਹਨ ਦੀ ਖ਼ਬਰ ਮਿਲਦਿਆਂ ਹੀ ਸਥਾਨਿਕ ਪੁਲਿਸ ਦੇ ਏਐੱਸਆਈ ਅੰਮ੍ਰਿਤਪਾਲ ਸਿੰਘ ਨੇ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ।