ਪੰਜਾਬ ਦੇ ਲੋਕ ਬਾਦਲਾਂ ਤੋਂ ਜਵਾਬ ਮੰਗਦੇ ਹਨ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬੇਟੇ ਸੁਖਬੀਰ ਬਾਦਲ ਦੀ ਵਿਸ਼ੇਸ਼ ਪੜਤਾਲੀਆਂ ਟੀਮ ਵਲੋਂ ਕੀਤੀ ਜਾ ਰਹੀ.......

Sunil Kumar Jakhar

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬੇਟੇ ਸੁਖਬੀਰ ਬਾਦਲ ਦੀ ਵਿਸ਼ੇਸ਼ ਪੜਤਾਲੀਆਂ ਟੀਮ ਵਲੋਂ ਕੀਤੀ ਜਾ ਰਹੀ ਪੁੱਛ ਗਿੱਛ ਅਤੇ ਬੇ-ਅਦਬੀ ਦੇ ਮਾਮਲਿਆਂ ਤੇ ਗੋਲੀ ਕਾਂਡ ਵਿਚ ਨਿਭਾਈ ਭੂਮਿਕਾ ਸਬੰਧੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕਿਹਾ ਕਿ ਇਹ ਅਕਾਲੀ ਨੇਤਾ ਹੁਣ ਲੋਕਾਂ ਨਾਲੋਂ ਨਿੱਖੜ ਚੁੱਕੇ ਹਨ। ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਇਹ ਵੀ ਕਿਹਾ ਵੀ ਕਿਹਾ ਕਿ ਬਹਿਬਲ ਕਲਾਂ, ਬਰਗਾੜੀ ਤੇ ਕੋਟਕਪੂਰਾ ਗੋਲੀ-ਕਾਂਡ ਵਿਚ ਮੁੱਖ ਮੰਤਰੀ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਸਮੇਤ ਡੀ.ਜੀ.ਪੀ ਸੁਮੇਧ ਸੈਣੀ ਤੋਂ ਲੋਕ ਜਵਾਬ ਮੰਗਦੇ ਹਨ ਕਿ ਕਿਸ ਨੇ ਗੋਲੀ ਦਾ ਹੁਕਮ ਦਿੱਤਾ।

ਜਾਖੜ ਨੇ ਇਹ ਵੀ ਕਿਹਾ ਕਿ ਬਜਰ ਪਾਰ ਕਰਨ ਉਪਰੰਤ ਬਾਦਲ ਅਜੇ ਵੀ ਫੁੰਕਾਰੇ ਮਾਰ ਰਹੇ ਹਨ, ਲਲਕਾਰੇ ਨਾਲ ਕਹਿੰਦੇ ਹਨ ਕਿ ਪੜਤਾਲੀਆਂ ਟੀਮ ਤੋਂ ਕੋਈ ਡਰ ਨਹੀਂ ਹੈ। ਇਹ ਪੁੱਛੇ ਜਾਣ ਉਤੇ ਕਿ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਮਗਰੋਂ ਏਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ, ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ''ਸਿੱਟ'' ਦੀ ਰੀਪੋਰਟ ਮਗਰੋਂ ਜ਼ਰੂਰ ਹੀ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਕੋਈ ਬਚ ਨਹੀਂ ਸਕਦਾ।

ਉਨ੍ਹਾਂ ਕਿਹਾ ਬੇ-ਅਦਬੀ ਮਾਮਲਿਆਂ ਵਿਚ ਸਾਜ਼ਿਸ ਕਰਨ ਵਾਲੇ ਅਤੇ ਗੋਲੀ-ਕਾਂਡ ਵਿਚ ਸ਼ਮੂਲੀਅਤ ਵਾਲੇ ਸਿਆਸੀ ਨੇਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਤਾਂ ਜ਼ਰੂਰ ਮਿਲੇਗੀ। ਇਨ੍ਹਾਂ ਕੇਸਾਂ ਵਿਚ ਹੋ ਰਹੀ ਦੇਰੀ ਬਾਰੇ ਜਾਖੜ ਨੇ ਸਪੱਸ਼ਟ ਕੀਤਾ ਕਿ ਤੱਥਾਂ ਤੇ ਰੀਪੋਰਟਾਂ ਦੇ ਆਧਾਰ 'ਤੇ ਦਰਜ ਕਰ ਕੇ, ਪੱਕੇ ਸਬੂਤਾਂ ਨਾਲ ਹੀ ਮਾਮਲਾ ਅੱਗੇ ਤੋਰਿਆ ਜਾਵੇਗਾ ਤਾਕਿ ਅਦਾਲਤ ਵਿਚ ਟਿਕ ਸਕੇ।