84 ਦੇ ਦੋਸ਼ੀਆਂ ਦਾ ਪੱਖ ਪੂਰ ਕੇ, ਆਮ ਆਦਮੀ ਪਾਰਟੀ ਦਾ ਸਿੱਖ ਹੇਜ ਨੰਗਾ ਹੋਇਆ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵੰਬਰ 1984 ਕਤਲੇਆਮ ਵਿਚ ਅਦਾਲਤ ਵਲੋਂ ਦੋ ਜਣਿਆਂ ਨੂੰ ਦੋਸ਼ੀ ਐਲਾਨਣ ਪਿਛੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵੇਂਦਰ ਸਹਿਰਾਵਤ ਵਲੋਂ ਦਿਤੇ.......

Manjinder Singh Sirsa

ਨਵੀਂ  ਦਿੱਲੀ : ਨਵੰਬਰ 1984 ਕਤਲੇਆਮ ਵਿਚ ਅਦਾਲਤ ਵਲੋਂ ਦੋ ਜਣਿਆਂ ਨੂੰ ਦੋਸ਼ੀ ਐਲਾਨਣ ਪਿਛੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵੇਂਦਰ ਸਹਿਰਾਵਤ ਵਲੋਂ ਦਿਤੇ ਬਿਆਨ ਕਿ,  'ਦੋਹਾਂ ਨੂੰ ਗਲਤ ਫਸਾਇਆ ਗਿਆ ਹੈ', ਦੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਸਖ਼ਤ ਨਿਖੇਧੀ ਕੀਤੀ ਹੈ। ਸ.ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਸੋਚ ਪਿਛੇ ਕੇਜਰੀਵਾਲ ਦੀ ਸ਼ਹਿ ਹੈ।  ਆਮ ਆਦਮੀ ਪਾਰਟੀ ਦੀ ਸਿੱਖਾਂ ਪ੍ਰਤੀ ਨਫ਼ਰਤ ਬੇਨਕਾਬ ਹੋ ਗਈ ਹੈ,

ਕਿਉਂਕਿ ਆਪ ਆਗੂ ਅਤੇ ਵਿਧਾਇਕ ਦੇਵੇਂਦਰ ਸਹਿਰਾਵਤ ਨੇ ਅਖਉਤੀ ਤੌਰ 'ਤੇ  ਕੇਜਰੀਵਾਲ ਦੀ ਸ਼ਹਿ 'ਤੇ ਨਾ ਸਿਰਫ਼ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਜਾਇਜ਼ ਦੱਸਿਆ ਹੈ,  ਸਗੋਂ ਨਵੰਬਰ 1984 'ਚ ਮਾਰੇ ਗਏ 8000 ਸਿੱਖਾਂ ਦੇ ਕਤਲ ਨੂੰ ਵੀ ਠੀਕ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਨੇ ਸਾਕਾ ਨੀਲਾ ਤਾਰਾ ਦੌਰਾਨ ਮਾਰੀ ਗਈ ਬੇਗੁਨਾਹ ਸਿੱਖ ਸੰਗਤ ਦੀ ਸ਼ਹੀਦੀ ਨੂੰ ਇੱਕ ਤਰੀਕੇ ਨਾਲ ਜਾਇਜ਼ ਦੱਸ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੀ ਹਮਾਇਤ ਕੀਤੀ ਹੈ। ਇਹ ਸਿੱਧੇ ਤੌਰ 'ਤੇ ਕਾਂਗਰਸ ਵਰਗੀ ਸਿੱਖ ਵਿਰੋਧੀ ਅਤੇ ਨਫ਼ਰਤ ਭਰੀ ਮਾਨਸਿਕਤਾ ਦਾ ਪ੍ਰਗਟਾਵਾ ਹੈ। 

ਸ. ਸਿਰਸਾ ਨੇ ਕਿਹਾ, “ ਆਮ ਆਦਮੀ ਪਾਰਟੀ ਵਲੋਂ ਮੁਲਕ ਦੀ ਪ੍ਰਧਾਨ ਮੰਤਰੀ ਦੇ 31 ਅਕਤੂਬਰ 1984 ਨੂੰ ਹੋਏ ਕਤਲ ਉਪਰੰਤ ਮਾਰੇ ਗਏ ਬੇਗੁਨਾਹ ਸਿੱਖਾਂ ਦੇ ਕਤਲੇਆਮ ਨੂੰ ਵਾਜ਼ਿਬ ਠਹਿਰਾਉਣ ਨਾਲ ਕੇਜਰੀਵਾਲ ਦੀ ਦੋਗਲੀ ਸਿਆਸਤ ਦਾ ਪਰਦਾਫ਼ਾਸ ਹੋਇਆ ਹੈ। ਇੱਕ ਪਾਸੇ ਪੰਜਾਬ 'ਚ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਚੋਣ ਮਨੋਰਥ ਪੱਤਰ ਅਤੇ ਰੈਲੀਆਂ 'ਚ ਕੇਜਰੀਵਾਲ ਸਿਰ 'ਤੇ ਦੱਸਤਾਰ ਸਜਾਉਣ ਦਾ ਢਕੋਸਲਾ ਕਰਦਾ ਹੈ ਤੇ ਦੂਜੇ ਪਾਸੇ ਆਪਣੇ ਆਗੂਆਂ ਤੋਂ ਸਿੱਖ ਵਿਰੋਧੀ ਬਿਆਨ ਦਿਵਾ ਕੇ ਫਿਰਕੂ ਤਨਾਅ ਪੈਦਾ ਕਰਕੇ ਵੋਟਾ ਦੀ ਬਟੌਰਨਾ ਚਾਹੁੰਦਾ ਹੈ।''

ਸ.  ਸਿਰਸਾ ਨੇ ਦੋਸ਼ ਲਗਾਇਆ ਕਿ ਅੰਗਰੇਜਾਂ ਦੀ ਨੀਤੀ 'ਤੇ ਚਲਦੇ ਹੋਏ ਆਮ ਆਦਮੀ ਪਾਰਟੀ ਸ਼ੇਰਾਂ ਵਰਗੀ ਸਿੱਖ ਕੌਮ 'ਚ ਸਿੱਖ ਦਿੱਖ ਵਾਲੇ ਭੇਡੂਆਂ ਨੂੰ ਵਾੜ੍ਹ ਕੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਚਾਲ ਚਲ ਰਹੀ ਹੈ। ਉਨ੍ਹਾਂ ਭਗਵੰਤ ਮਾਨ ਅਤੇ ਐਚ.ਐਸ. ਫੂਲਕਾ 'ਤੇ ਕੌਮ ਦੇ ਨਾਲ ਗੱਦਾਰੀ ਕਰਨ ਦਾ ਦੋਸ਼ ਲਗਾਊੰਦੇ ਹੋਏ ਪਾਰਟੀ ਦੀ ਸਿੱਖ ਵਿਰੋਧੀ ਨੀਤੀ ਦੇ ਵਿਰੁਧ ਦੋਨਾਂ ਨੂੰ ਆਮ ਆਦਮੀ ਪਾਰਟੀ ਛੱੜਣ ਦੀ ਦਿਲੇਰੀ ਵਿਖਾਉਣ ਦੀ ਚੁਨੌਤੀ ਦਿੱਤੀ ਹੈ।