ਪੰਜਾਬ ਵਿਚ ਹੋਇਆ ਸਾਦਾ ਵਿਆਹ ਜਾਣੋ ਕਿਉਂ ਬਣ ਰਿਹੈ ਚਰਚਾ ਦਾ ਵਿਸ਼ਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦੇ ਦੌਰ ਵਿਚ ਵਧੀਆ ਵਿਆਹ ਉਹਨਾਂ ਵਿਆਹਾਂ ਨੂੰ ਹੀ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਮਹਿੰਗੇ ਪਕਵਾਨ, ਸ਼ਰਾਬਾਂ, ਡਾਂਸ ਅਤੇ ਮਹਿੰਗੀ ਸਜਾਵਟ ਕੀਤੀ ਗਈ ਹੋਵੇ।

Simple marriage at Punjab

ਚੰਡੀਗੜ੍ਹ: ਅੱਜ ਦੇ ਦੌਰ ਵਿਚ ਵਧੀਆ ਵਿਆਹ ਉਹਨਾਂ ਵਿਆਹਾਂ ਨੂੰ ਹੀ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਮਹਿੰਗੇ ਪਕਵਾਨ, ਸ਼ਰਾਬਾਂ, ਡਾਂਸ ਅਤੇ ਮਹਿੰਗੀ ਸਜਾਵਟ ਕੀਤੀ ਗਈ ਹੋਵੇ। ਭਾਵ ਲੋਕਾਂ ਅਨੁਸਾਰ ਉਹੀ ਵਿਆਹ ਖ਼ਾਸ ਹੁੰਦੇ ਹਨ, ਜਿਨ੍ਹਾਂ ਵਿਚ ਚੰਗੇ ਪੈਸੇ ਲਗਾਏ ਜਾਣ ਜਾਂ ਖਰਚੇ ਜਾਣ। ਅਜਿਹੇ ਵਿਆਹਾਂ ਨਾਲ ਰਿਸ਼ਤੇਦਾਰ ਤਾਂ ਖੁਸ਼ ਹੋ ਜਾਂਦੇ ਹਨ ਪਰ ਵਿਆਹ ਦਾ ਖਰਚਾ ਕਰਨ ਵਾਲਾ ਪਰਿਵਾਰ ਕਰਜ਼ੇ ਦੇ ਬੋਝ ਹੇਠਾਂ ਦੱਬ ਜਾਂਦਾ ਹੈ।

ਅੱਜ ਦੇ ਦੌਰ ਵਿਚ ਸਾਦੇ ਵਿਆਹ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇਕ ਵਿਆਹ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਗੜਾਨਾ ਵਿਚ ਹੋਇਆ ਹੈ। ਇਸ ਵਿਆਹ ਨੇ ਅਜੋਕੀ ਪੀੜ੍ਹੀ ਲਈ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਿੱਥੇ ਇਹ ਵਿਆਹ ਸਰਲ ਤੇ ਸਾਦਾ ਸੀ, ਉੱਥੇ ਹੀ ਨਵ-ਵਿਆਹੀ ਜੋੜੀ ਨੇ ਨੇਤਰਦਾਨ ਕਰਨ ਦਾ ਵੀ ਨੇਕ ਉਪਰਾਲਾ ਕੀਤਾ।

ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਦੋ ਭਰਾਵਾਂ ਜਗਜੀਤ ਸਿੰਘ ਅਤੇ ਪਰਮਿੰਦਰ ਸਿੰਘ ਦਾ ਵਿਆਹ ਹੋਇਆ। ਇਹਨਾਂ ਭਰਾਵਾਂ ਦੇ ਵਿਆਹ ਨੇ ਇਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਵਿਆਹ ਵਿਚ ਬਰਾਤੀਆਂ ਦੀਆਂ ਮਿਲਣੀਆਂ ਸਿਰੋਪਾਓ ਭੇਟ ਕਰਕੇ ਕੀਤੀਆਂ ਗਈਆਂ। ਇਸ ਸਾਦੇ ਵਿਆਹ ਦਾ ਉਪਰਾਲਾ ਦੋਵੇਂ ਪਰਿਵਾਰਾਂ ਦੀ ਆਪਸੀ ਸਮਝ ਨਾਲ ਹੋਇਆ। ਨਵ-ਵਿਆਹੀਆਂ ਲੜਕੀਆਂ ਦਵਿੰਦਰ ਕੌਰ ਅਤੇ ਪਰਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਅਪਣੇ ਪਰਿਵਾਰ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਸੀ ਕਿ ਉਹ ਅਪਣਾ ਵਿਆਹ ਰਹਿਤ ਮਰਿਆਦਾ ਅਨੁਸਾਰ ਸਾਦੇ  ਢੰਗ ਨਾਲ ਕਰਵਾਉਣਗੀਆਂ।

ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਇਸ ਵਿਆਹ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਨਿਵੇਕਲੇ ਉਪਰਾਲੇ ਲਈ ਨਵ-ਵਿਆਹੀਆਂ ਜੋੜੀਆਂ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਵਿਆਹ ਤੋਂ ਬਾਅਦ ਦੋਵੇਂ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਹੈ। ਸੋ ਲੋੜ ਹੈ ਅਜਿਹੇ ਉਪਰਾਲੇ ਕਰਨ ਦੀ ਅਤੇ ਮਿਸਾਲ ਪੇਸ਼ ਕਰਨ ਦੀ ਤਾਂ ਜੋ ਲੋਕਾਂ ਨੂੰ ਵਿਆਹ ਦੇ ਕਰਜ਼ੇ ਤੋਂ ਮੁਕਤ ਕੀਤਾ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।