ਕੀ ਬਾਦਲ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਵਾਲੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਮੀ ਸਿਆਸੀ ਚੁੱਪ ਪਿਛੋਂ ਅਕਾਲੀ ਗਲਿਆਰਿਆਂ ਵਿਚ ਇਹ ਅਵਾਈ ਤੁਰੀ ਹੈ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੋਂ ਖਹਿੜਾ ਛੁਡਾ ਕੇ ਰਾਜ ਸਭਾ ਦੇ..

Sukhdev Singh Dhindsa

ਲੰਮੀ ਸਿਆਸੀ ਚੁੱਪ ਪਿਛੋਂ ਅਕਾਲੀ ਗਲਿਆਰਿਆਂ ਵਿਚ ਇਹ ਅਵਾਈ ਤੁਰੀ ਹੈ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੋਂ ਖਹਿੜਾ ਛੁਡਾ ਕੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੇ ਮੁਤਾਬਕ ਨਵਾਂ ਰੰਗ ਰੂਪ ਦੇਣਾ ਚਾਹੁੰਦੀ ਹੈ। ਜੇ ਇਸ ਵਿਚ ਪੂਰੀ ਦੀ ਥਾਂ ਅੱਧ-ਪਚੱਧੀ ਸੱਚਾਈ ਵੀ ਹੋਵੇ ਜੋ ਕਿ ਲਗਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਬਾਦਲ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਵਾਲੀ ਹੈ।

ਇਸ ਦੇ ਕਈ ਕਾਰਨ ਹਨ। ਪਹਿਲਾ ਢੀਂਡਸਾ ਸਾਹਿਬ ਅਕਾਲੀ ਦਲ ਤੋਂ ਵੱਖ ਹੋ ਕੇ ਬੈਠੇ ਸਨ ਅਤੇ ਦੂਜਾ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਦਾ ਸਨਮਾਨ ਦੇ ਕੇ ਅੰਦਰਖਾਤੇ ਅਪਣੇ ਨਾਲ ਜੋੜਨ ਦੀ ਕੋਸ਼ਿਸ਼ ਬਹੁਤ ਦੇਰ ਪਹਿਲਾਂ ਹੀ ਸ਼ੁਰੂ ਕਰ ਦਿਤੀ ਸੀ। ਸ਼ਾਇਦ ਢੀਂਡਸਾ ਸਾਹਿਬ ਵੀ ਕਿਸੇ ਅਜਿਹੇ ਮੌਕੇ ਦੀ ਤਲਾਸ਼ ਵਿਚ ਹੋਣ। ਤੀਜਾ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਨੇਤਾ ਅਤੇ ਵਰਕਰ ਅਪਣੇ ਆਪ ਨੂੰ ਬੇਵਸੀ ਦੇ ਆਲਮ ਵਿਚ ਮਹਿਸੂਸ ਕਰ ਰਹੇ ਹਨ।

ਸ਼ਾਇਦ ਇਸ ਲਈ ਕਿ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਦਿੱਲੀ ਰਹਿੰਦੀ ਹੈ ਅਤੇ ਹੁਣ ਸੁਖਬੀਰ ਸਿੰਘ ਬਾਦਲ ਵੀ ਐਮ.ਪੀ. ਬਣ ਕੇ ਦਿੱਲੀ ਜਾ ਰਹਿਣ ਲੱਗਾ ਹੈ। ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਅਤੇ ਫਿਰ ਲੋਕ ਸਭਾ ਚੋਣਾਂ ਵਿਚ ਜਿਵੇਂ ਅਕਾਲੀ ਦਲ ਦੇ ਪੈਰ ਬੁਰੀ ਤਰ੍ਹਾਂ ਉਖੜ ਗਏ ਹਨ, ਇਸ ਨਾਲ ਵੀ ਅਕਾਲੀ ਦਲ ਬਿਖਰ ਗਿਆ ਹੈ ਜਿਸ ਦਾ ਫ਼ਾਇਦਾ ਹੁਣ ਭਾਜਪਾ ਲੈਣਾ ਚਾਹੁੰਦੀ ਹੈ ਅਤੇ ਬਕਾਇਦਾ ਇਨ੍ਹਾਂ ਯਤਨਾਂ ਵਿਚ ਲੱਗੀ ਵੀ ਹੋਈ ਹੈ।

ਨਾਲੇ ਭਾਜਪਾ ਅਪਣੀ ਸਾਂਝ ਦਾ ਅਧਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨਦੀ ਹੈ ਜੋ ਹੁਣ ਅਕਾਲੀ ਸਿਆਸਤ ਤੋਂ ਲਾਂਭੇ ਹੋਏ ਬੈਠੇ ਹਨ। ਕੁਲ ਮਿਲਾ ਕੇ ਅਕਾਲੀ ਸਿਆਸਤ ਵਿਚ ਇਸ ਵੇਲੇ ਇਕ ਵੱਡਾ ਖੱਪਾ ਬਣਿਆ ਹੋਇਆ ਹੈ ਜਿਸ ਦਾ ਭਾਜਪਾ ਅਸਾਨੀ ਨਾਲ ਲਾਭ ਲੈ ਸਕਦੀ ਹੈ। ਉਧਰ ਸਮਾਂ ਵੀ ਬਹੁਤ ਬਲਵਾਨ ਹੁੰਦਾ ਹੈ, ਇਸ ਲਈ ਤੇਲ ਦੇਖੋ ਤੇਲ ਦੀ ਧਾਰ ਵੇਖੋ।