ਜ਼ਬਰਦਸਤ ਵਿਰੋਧ ਦੇ ਬਾਵਜੂਦ ਜੇ.ਪੀ. ਨੱਢਾ ਦੀ ਪੰਜਾਬ ਫੇਰੀ ਨਾਲ ਰਾਜਨੀਤਕ ਹਲਕਿਆਂ ਵਿਚ ਹਲਚਲ

ਏਜੰਸੀ

ਖ਼ਬਰਾਂ, ਪੰਜਾਬ

ਜ਼ਬਰਦਸਤ ਵਿਰੋਧ ਦੇ ਬਾਵਜੂਦ ਜੇ.ਪੀ. ਨੱਢਾ ਦੀ ਪੰਜਾਬ ਫੇਰੀ ਨਾਲ ਰਾਜਨੀਤਕ ਹਲਕਿਆਂ ਵਿਚ ਹਲਚਲ

image

ਭਾਜਪਾ ਵਲੋਂ ਰਾਸ਼ਟਰੀ ਪ੍ਰਧਾਨ ਦਾ ਤਿੰਨ ਦਿਨ 'ਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਦਾਅਵਾ

ਕੋਟਕਪੂਰਾ, 17 ਨਵੰਬਰ (ਗੁਰਿੰਦਰ ਸਿੰਘ): ਅਕਾਲੀ ਦਲ ਬਾਦਲ, ਉਸ ਨਾਲੋਂ ਅਲੱਗ ਹੋਏ ਢੀਂਡਸਾ ਤੇ ਬ੍ਰਹਮਪੁਰਾ ਵਾਲੇ ਧੜੇ, ਸੱਤਾਧਾਰੀ ਧਿਰ ਕਾਂਗਰਸ, ਆਮ ਆਦਮੀ ਪਾਰਟੀ ਜਾਂ ਹੋਰ ਸਿਆਸਤਦਾਨ ਜੋ ਮਰਜ਼ੀ ਵੱਡੇ-ਵੱਡੇ ਦਾਅਵੇ ਕਰਨ ਪਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦਾ 19 ਨਵੰਬਰ ਨੂੰ ਤਿੰਨ ਰੋਜ਼ਾ ਪੰਜਾਬ ਦੌਰਾ, 10 ਜ਼ਿਲ੍ਹਾ ਦਫ਼ਤਰਾਂ ਦੇ ਉਦਘਾਟਨ, 100 ਜਨ ਭਲਾਈ ਯੋਜਨਾਵਾਂ ਦਾ ਪ੍ਰਚਾਰ ਕਰਨ, ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜਨ ਦੇ ਬਿਆਨ, ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ 23 ਹਜ਼ਾਰ ਪੋਲਿੰਗ ਬੂਥਾਂ 'ਤੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ, ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਪੰਜਾਬ 'ਚ ਇਕੱਲਿਆਂ ਚੋਣ ਲੜ ਕੇ ਭਾਜਪਾ ਦੀ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਅਤੇ ਸਮੇਂ ਸਮੇਂ ਦਿਤੇ ਗਏ ਬਿਆਨਾਂ ਨੇ ਪੰਜਾਬ ਦੇ ਰਾਜਨੀਤਿਕ ਹਲਕਿਆਂ 'ਚ ਹਲਚਲ ਛੇੜਣ ਦੇ ਨਾਲ-ਨਾਲ ਅਜੀਬ ਚਰਚਾ ਛੇੜ ਕੇ ਰੱਖ ਦਿਤੀ ਹੈ, ਕਿਉਂਕਿ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦੇ 19 ਨਵੰਬਰ ਦੇ 3
ਰੋਜ਼ਾ ਦੌਰੇ ਦਾ ਉਦੋਂ ਐਲਾਨ ਕੀਤਾ ਗਿਆ ਹੈ, ਜਦੋਂ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਦਾ ਘਿਰਾਉ ਕਰਨ, ਭਾਜਪਾ ਦੇ ਕਿਸੇ ਵੀ ਪ੍ਰੋਗਰਾਮ ਦਾ ਕਿਸਾਨਾ ਵਲੋਂ ਜ਼ਬਰਦਸਤ ਵਿਰੋਧ ਕਰਨ ਦੀਆਂ ਖ਼ਬਰਾਂ-ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਅਤੇ ਸ਼ੋਸ਼ਲ ਮੀਡੀਏ ਰਾਹੀਂ ਬਕਾਇਦਾ ਵੀਡੀਉ ਕਲਿੱਪਾਂ ਸਮੇਤ ਛਾਈਆਂ ਹੋਈਆਂ ਹਨ।
ਭਾਜਪਾ ਦੇ ਕੇਂਦਰੀ ਮੰਤਰੀਆਂ, ਸੂਬਾਈ ਆਗੂਆਂ ਅਤੇ ਸਾਬਕਾ ਮੰਤਰੀਆਂ ਦੇ ਹਰ ਪ੍ਰੋਗਰਾਮ ਦਾ ਜ਼ਬਰਦਸਤ ਵਿਰੋਧ ਕਰਨ ਤੋਂ ਬਾਅਦ ਭਾਜਪਾ ਵਲੋਂ ਇਸ ਨੂੰ ਕਾਂਗਰਸ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਦੀ ਚਾਲ ਦਸਣਾ ਅਤੇ ਕਿਸਾਨ ਜਥੇਬੰਦੀਆਂ ਵਲੋਂ ਸ਼ਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਕਿਸੇ ਸਿਆਸਤਦਾਨ ਦੇ ਹੱਥਠੌਕੇ ਨਹੀਂ ਹਨ ਬਲਕਿ ਅਪਣੀ ਨਵੀਂ ਪੀੜੀ ਦੇ ਭਵਿੱਖ ਲਈ ਚਿੰਤਤ ਅਤੇ ਕਿਸਾਨੀ ਦੀ ਹੌਂਦ ਬਚਾਉਣ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਪਰ ਕਿਸਾਨਾ ਵਲੋਂ ਪੰਜਾਬ ਦੀਆਂ 100 ਤੋਂ ਜ਼ਿਆਦਾ ਅਹਿਮ ਥਾਵਾਂ 'ਤੇ ਧਰਨਿਆਂ ਦੇ ਰੂਪ 'ਚ ਕੀਤੀ ਗਈ ਨਾਕਾਬੰਦੀ ਦੇ ਬਾਵਜੂਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਪੰਜਾਬ ਫੇਰੀ ਨੇ ਪੁਲਿਸ ਪ੍ਰਸ਼ਾਸਨ, ਖੁਫ਼ੀਆਂ ਵਿਭਾਗ ਅਤੇ ਹੋਰ ਸੁਰੱਖਿਆ ਏਜੰਸੀਆਂ ਲਈ ਇਕ ਪ੍ਰੀਖਿਆ ਦੀ ਘੜੀ ਖੜੀ ਕਰ ਦਿਤੀ ਹੈ।