ਕਿਸਾਨਾਂ ਦੇ ਐਲਾਨ ਨੇ ਵਧਾਈਆਂ ਕੇਂਦਰ ਦੀਆਂ ਮੁਸ਼ਕਲਾਂ, ਪੜ੍ਹੋ ਕਿਸਾਨਾਂ ਦੀ ਰਣਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਦੇ ਐਲਾਨ ਮਗਰੋਂ ਹਰਿਆਣਾ, ਦਿੱਲੀ ਤੇ ਕੇਂਦਰ ਸਰਕਾਰਾਂ ਲਈ ਮੁਸ਼ਕਲ ਵਧੀ

protest

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖਾਬ) : ਪੰਜਾਬ ਦੇ ਵੱਖ ਵੱਖ ਥਾਵਾਂ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ ਕਰਨ ਜਾ ਰਹੀਆਂ ਹਨ।  ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 50 ਹਜ਼ਾਰ ਟਰਾਲੀਆਂ ਨਾਲ ਦਿੱਲੀ 'ਤੇ ਧਾਵਾ ਬੋਲਿਆ ਜਾਏਗਾ। ਇਸ ਐਲਾਨ ਮਗਰੋਂ ਹਰਿਆਣਾ, ਦਿੱਲੀ ਤੇ ਕੇਂਦਰ ਸਰਕਾਰਾਂ ਲਈ ਮੁਸ਼ਕਲ ਵਧ ਗਈ ਹੈ। ਇਸ ਲਈ ਸਰਕਾਰ ਵੀ ਐਕਸ਼ਨ ਵਿੱਚ ਆ ਗਈ ਹੈ।

 26 ਤੇ 27 ਨਵੰਬਰ ਲਈ ਜੰਗੀ ਪੱਧਰ ‘ਤੇ ਤਿਆਰੀਆਂ 
ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਤੇ 27 ਨਵੰਬਰ ਨੂੰ ਦਿੱਲੀ ਦੀ ਘੇਰਾਬੰਦੀ ਲਈ ਜੰਗੀ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਸੂਬੇ ਵਿੱਚ ਤਕਰੀਬਨ 13 ਹਜ਼ਾਰ ਪਿੰਡ ਹਨ। ਹਰ ਪਿੰਡ ਵਿੱਚੋਂ ਘੱਟੋ-ਘੱਟ ਚਾਰ ਟਰਾਲੀਆਂ ਲੈ ਕੇ ਜਾਣ ਦਾ ਪ੍ਰੋਗਰਾਮ ਹੈ।

ਇਸ ਦੇ ਨਾਲ ਹੀ ਇੱਕ ਟਰਾਲੀ ਵਿੱਚ ਖਾਣੇ ਦਾ ਰਾਸ਼ਨ, ਬੈੱਡ ਤੇ ਹੋਰ ਚੀਜ਼ਾਂ ਹੋਣਗੀਆਂ। ਇਸ ਮੁਤਾਬਕ ਪੰਜਾਬ ਤੋਂ 50 ਹਜ਼ਾਰ ਦੇ ਕਰੀਬ ਟਰਾਲੀਆਂ ਚੱਲਣਗੀਆਂ। 

ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਸਤੇ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਕਿਸਾਨ ਉੱਥੇ ਹੀ ਸੜਕ ਜਾਮ ਕਰ ਦੇਣਗੇ। ਇਸ ਸਥਿਤੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।