ਸ਼ਰਾਰਤੀ ਅਨਸਰ ਨਹੀਂ ਆ ਰਹੇ ਬਾਜ, ਹੁਣ ਬੁੱਲੋਵਾਲ 'ਚ ਲਿਖੇ ਖ਼ਾਲਿਸਤਾਨ ਦੇ ਨਾਅਰੇ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ 'ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ 'ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਇਆ ਗਿਆ।

Khalistan Slogans

ਬੁੱਲ੍ਹੋਵਾਲ - ਬੀਤੀ ਰਾਤ ਬੁੱਲ੍ਹੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹੁਸ਼ਿਆਰਪੁਰ-ਟਾਂਡਾ ਮੁੱਖ ਸੜਕ 'ਤੇ ਆਉਂਦੇ ਚੋਆਂ 'ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ 2020' ਦੇ ਨਾਅਰੇ ਲਿਕੇ ਗਏ ਹਨ। ਇਹਨਾਂ ਨਾਅਰਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ।

ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ਸਬੰਧੀ ਕਿਸੇ ਰਾਹਗੀਰ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਥਾਣਾ ਬੁੱਲ੍ਹੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ 'ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ 'ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਇਆ ਗਿਆ।

ਇਸ ਸਬੰਧੀ ਥਾਣਾ ਮੁਖੀ ਨੇ ਕਿਹਾ ਕਿ ਇਹ ਕੰਮ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਜਲਦ ਹੀ ਇਹੋ ਜਿਹੇ ਸ਼ਰਾਰਤੀ ਅਨਸਰ ਪੁਲਿਸ ਦੀ ਹਿਰਾਸਤ 'ਚ ਆ ਜਾਣਗੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।