ਸਿਵਲ ਹਸਪਤਾਲ ਦਾ ਕਾਰਨਾਮਾ, ਗਰਭਵਤੀ ਔਰਤ ਦੀ ਜਣੇਪੇ ਦੀ ਵੀਡੀਓ ਬਣਾ ਕੇ ਕੀਤੀ ਵਾਇਰਲ 

ਏਜੰਸੀ

ਖ਼ਬਰਾਂ, ਪੰਜਾਬ

ਡਿਲੀਵਰੀ ਦੌਰਾਨ ਉਨ੍ਹਾਂ ਨੇ ਬੱਚੇ ਨੂੰ ਕੱਢਿਆ ਅਤੇ ਡਾਕਟਰ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦੇ ਹੋਏ ਆਪਣੀ ਇਹ ਕਾਰਸਤਾਨੀ ਜਗਜਾਹਿਰ ਕੀਤੀ।

File Photo

ਅੰਮ੍ਰਿਤਸਰ - ਅੰਮ੍ਰਿਤਸਰ ਦੇ ਸਿਵਲ ਸਰਜਨ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ.ਨਵਦੀਪ ਸਿੰਘ ਵੱਲੋਂ ਸ਼ਰ੍ਹੇਆਮ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਇਕ ਗਰਭਵਤੀ ਮਹਿਲਾ ਦੀ ਡਿਲਿਵਰੀ ਕਰਵਾਈ। ਜਿਸ ਦੌਰਾਨ ਡਿਲੀਵਰੀ ਪ੍ਰਕਿਰਿਆ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ।

ਵਾਇਰਲ ਵੀਡੀਓ ਵਿਚ ਡਾ. ਨਵਦੀਪ ਸਿੰਘ ਇੱਕ ਗਰਭਵਤੀ ਮਹਿਲਾ ਦੀ ਡਿਲਿਵਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਡਿਲੀਵਰੀ ਦੌਰਾਨ ਉਨ੍ਹਾਂ ਨੇ ਬੱਚੇ ਨੂੰ ਕੱਢਿਆ ਅਤੇ ਡਾਕਟਰ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦੇ ਹੋਏ ਆਪਣੀ ਇਹ ਕਾਰਸਤਾਨੀ ਜਗਜਾਹਿਰ ਕੀਤੀ। ਦਰਅਸਲ ਡਾ.ਨਵਦੀਪ ਸਿੰਘ ਗਾਇਨੋਕੋਲਾਜਿਸਟ ਵੀ ਹਨ। ਕੁੱਝ ਮਹੀਨਾ ਪਹਿਲਾਂ ਵੀ ਉਨ੍ਹਾਂ ਨੇ ਇੱਕ ਮਹਿਲਾ ਦੀ ਡਿਲਿਵਰੀ ਕੀਤੀ ਸੀ।

ਉਸ ਦੌਰਾਨ ਅਖ਼ਬਾਰਾਂ ਵਿੱਚ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਸਨ। ਇਸ ਵਾਰ ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਡਿਲੀਵਰੀ ਦੀ ਪ੍ਰਕਿਰਿਆ ਦਾ ਵੀਡੀਓ ਬਣਵਾ ਕੇ ਜਾਰੀ ਕਰ ਦਿੱਤਾ। ਮੰਗਲਵਾਰ ਨੂੰ ਉਨ੍ਹਾਂ ਨੇ ਕੁਲ ਚਾਰ ਡਿਲਿਵਰੀ ਕੀਤੀਆਂ। ਉਨ੍ਹਾਂ ਨਾਲ ਹਸਪਤਾਲ ਦੀ ਗਾਇਨੀ ਡਾਕਟਰ ਸਿਤਾਰਾ, ਡਾ. ਰੋਮਾ, ਡਾ.ਗੁਰਪਿੰਦਰ,ਡਾ ਮੀਨਾਕਸ਼ੀ ਵੀ ਸਨ।

ਸਾਰੇ ਉੱਤਮ ਗਾਇਨੀ ਡਾਕਟਰਾਂ ਨੇ ਵੀਡੀਓਗ੍ਰਾਫੀ ਦਾ ਵਿਰੋਧ ਨਹੀਂ ਕੀਤਾ। ਹਾਲਾਂਕਿ ਹਰ ਗਾਇਨੀ ਡਾਕਟਰ ਨੂੰ ਇਹ ਪਤਾ ਹੈ ਕਿ ਵੀਡੀਓ ਨਹੀਂ ਬਣਾਈ ਜਾ ਸਕਦੀ। ਸਿਵਲ ਸਰਜਨ ਦਫ਼ਤਰ  ਦੇ ਡਿਪਟੀ ਮਹੀਨਾ ਮੀਡੀਆ ਅਫ਼ਸਰ ਅਮਰਦੀਪ ਸਿੰਘ ਨੇ ਡਾ . ਨਵਦੀਪ ਸਿੰਘ ਦੇ ਕਹਿਣ ਉੱਤੇ ਡਿਲੀਵਰੀ ਦੀ ਪ੍ਰਕਿਰਿਆ ਦਾ ਪ੍ਰੈਸ ਨੋਟ, ਵੀਡੀਓ ਅਤੇ ਕੁੱਝ ਫੋਟੋ ਮੀਡਿਆ ਵਿਚ ਜਾਰੀ ਕਰ ਦਿੱਤੀਆਂ।

ਸਿਵਲ ਸਰਜਨ ਦੀ ਇਸ ਕਾਰਸਤਾਨੀ ਦਾ ਸਿਹਤ ਵਿਭਾਗ ਨੇ ਵੀ ਨੋਟਿਸ ਲਿਆ ਹੈ। ਉਧਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਵੱਲੋ ਵੀ ਐਕਸ਼ਨ ਲਿਆ ਗਿਆ ਹੈ ਤੇ ਉਹਨਾਂ ਵੱਲੋਂ ਡਾਕਟਰ ਨਵਦੀਪ ਸਿੰਘ ਦੇ ਨਾਲ ਮੌਜੂਦ ਸਟਾਫ ਤੇ ਡਾਇਰੈਕਟਰ ਨੂੰ ਵੀ ਮਹਿਲਾ ਕਮਿਸ਼ਨ ਦੇ ਦਫ਼ਤਰ ਪੇਸ਼ ਹੋ ਕੇ ਵੀਡੀਓ ਸਮੇਤ ਆਉਣ ਲਈ ਸੰਮਨ ਭੇਜਿਆ ਗਿਆ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਦੱਸ ਦਈਏ ਕਿ ਵਿਭਾਗ ਵੱਲੋਂ ਐਕਸ਼ਨ ਲੈਂਦਿਆਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਗਰਭਵਤੀ ਔਰਤਾਂ ਦੀ ਨਿੱਜਤਾ ਨੂੰ ਸਰਵਜਨਕ ਕਰਨਾ ਗ਼ੈਰਕਾਨੂੰਨੀ ਹੈ। ਸਿਵਲ ਸਰਜਨ ਵਲੋਂ ਇਸ ਦਾ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ। ਹਾਲਾਂਕਿ ਕਿਸੇ ਵਿਸ਼ੇਸ਼ ਰਿਸਰਚ ਲਈ ਕੁੱਝ ਡਾਕਟਰ ਡਿਲੀਵਰੀ ਦੌਰਾਨ ਵੀਡੀਓਗ੍ਰਾਫੀ ਕਰਵਾ ਸਕਦੇ ਹਨ ਪਰ ਇਸ ਦੇ ਲਈ ਵੀ ਪਹਿਲਾਂ ਗਰਭਵਤੀ ਮਹਿਲਾ ਅਤੇ ਉਸ ਦੇ ਪਰਵਾਰਿਕ ਮੈਬਰਾਂ ਦੀ ਮਨਜੂਰੀ ਲੈਣਾ ਲਾਜ਼ਮੀ ਹੈ।