ਕੇਂਦਰ ਸਰਕਾਰ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਗੁਰਪੁਰਬ ਮੌਕੇ ਸਿੱਖਾਂ ਨੂੰ ਅਨਮੋਲ ਤੋਹਫ਼ਾ ਦਿਤਾ
ਕੇਂਦਰ ਸਰਕਾਰ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਗੁਰਪੁਰਬ ਮੌਕੇ ਸਿੱਖਾਂ ਨੂੰ ਅਨਮੋਲ ਤੋਹਫ਼ਾ ਦਿਤਾ : ਬੁੱਟਰ
ਚੰਡੀਗੜ੍ਹ, 17 ਨਵੰਬਰ (ਭੁੱਲਰ): ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹੇ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਧਨਵਾਦ ਕੀਤਾ ਹੈ।
ਬੁੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਕੋਰੀਡੋਰ ਖੋਲ੍ਹਣ ਦੇ ਰੂਪ ਵਿਚ ਅਨਮੋਲ ਤੋਹਫ਼ੇ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਹੀ ਸਮੇਂ ’ਤੇ ਕੀਤੇ ਗਏ ਇਸ ਫ਼ੈਸਲੇ ਨਾਲ ਸਿੱਖ ਸੰਗਤ ਕਰਤਾਰਪੁਰ ਸਾਹਿਬ ਜਾ ਕੇ ਆਸਾਨੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਥੇ ਦੇਸ਼ ਦੇ ਹੋਰ ਵਰਗਾਂ ਦੀ ਭਲਾਈ ਲਈ ਵੱਡੇ ਫ਼ੈਸਲੇ ਕੀਤੇ ਹਨ ਉਥੇ ਸਿੱਖ ਕੌਮ ਲਈ ਸ਼ੁਰੂ ਤੋਂ ਹੀ ਇਸ ਸਰਕਾਰ ਨੇ ਇਤਿਹਾਸਕ ਕਦਮ ਚੁੱਕੇ ਹਨ। ਕਾਂਗਰਸ ਨੇ 1984 ਵਿਚ ਕਰਵਾਏ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਏ ਦੋਸ਼ੀਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ ਜਦੋਂ ਕਿ ਮੋਦੀ ਸਰਕਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਸਿੱਖਾਂ ਦੇ ਜ਼ਖਮਾਂ ’ਤੇ ਮਲਹਮ ਲਗਾਇਆ ਹੈ। ਇਸੇ ਤਰ੍ਹਾਂ ਕਾਲੀ ਸੂਚੀ ਨੂੰ ਖ਼ਤਮ ਕਰਨ ਅਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਰਗੇ ਇਤਿਹਾਸਕ ਕੰਮ ਕਰ ਕੇ ਭਾਜਪਾ ਅਤੇ ਕੇਂਦਰ ਸਰਕਾਰ ਨੇ ਸਿੱਖਾਂ ਦੇ ਦਿਲ ਜਿੱਤੇ ਹਨ। ਇਸ ਕਾਰਨ ਅੱਜ ਸਮੁੱਚਾ ਸਿੱਖ ਜਗਤ ਕੇਂਦਰ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ।