ਪੱਟੀ 'ਚ ਵੱਡੀ ਵਾਰਦਾਤ, ਢਾਈ ਲੱਖ ਦੀ ਖਾਤਿਰ 2 ਨੌਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਪੁਲਿਸ ਨੇ 2 ਵਿਅਕਤੀ ਕੀਤੇ ਕਾਬੂ ਬਾਕੀ ਦੀ ਭਾਲ ਜਾਰੀ
ਤਰਨਤਾਰਨ (ਨਿਸ਼ਾਨ ਸਹੋਤਾ) - ਤਰਨਤਾਰਨ ਜ਼ਿਲ੍ਹੇ ਅੰਦਰ ਕੱਲ੍ਹ ਦੇਰ ਸ਼ਾਮ ਪੱਟੀ ਸ਼ਹਿਰ ਵਿਚ ਸਰਹਾਲੀ ਰੋਡ ਚੂੰਗੀ ਕੋਲ ਇਕ ਸਵਿਫਟ ਕਾਰ ਸਵਾਰ ਵੱਲੋ ਅੰਨੇਵਾਹ ਗੋਲੀਆਂ ਚਲਾਈਆਂ ਗਾਈਆਂ। ਜਿਸ ਦੋਰਾਨ ਮੌਕੇ ਤੇ 2 ਵਿਅਕਤੀਆਂ ਦੀ ਮੌਤ ਅਤੇ ਇਕ ਵਿਅਕਤੀ ਜਖ਼ਮੀ ਹੋ ਗਿਆ। ਥਾਣਾ ਪੱਟੀ ਸਿਟੀ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ਾ ਨੁੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਚ ਭੇਜ ਦਿੱਤਾ ਗਿਆ। ਮਰਨ ਵਾਲੇ ਦੀ ਪਹਿਚਾਣ ਜਗਦੀਪ ਸਿੰਘ ਵਾਸੀ ਪੱਟੀ /ਦੂਜਾ ਅਨਮੋਲ ਸਿੰਘ ਵਾਸੀ ਬੁਰਜ ਰਾਏ ਕੇ, ਜਖ਼ਮੀ ਦੀ ਪਹਿਚਾਣ ਗੁਰਸੇਵਕ ਸਿੰਘ ਵਾਸੀ ਪਿਰਗੰੜੀ ਵਜੋਂ ਹੋਈ ਅਤੇ ਜਖ਼ਮੀ ਨੁੰ ਇਲਾਜ ਲਈ ਅੰਮ੍ਰਿਤਸਰ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਥਾਣਾ ਸਿਟੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਲਿਆ ਹੈ ਅਤੇ ਜਖ਼ਮੀ ਗੁਰਸੇਵਕ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਨੇ ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਪੁਲਿਸ ਨੇ ਦੋ ਦੋਸ਼ੀ ਕਾਬੂ ਵੀ ਕਰ ਲਏ ਹਨ ਅਤੇ ਉਹਨਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੋ ਹੋਰ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਬਰੀਕੀ ਨਾਲ ਛਾਣਬੀਣ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਲਖਬੀਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪੱਟੀ ਨੇ ਸਾਬੀ ਨਾਮਕ ਵਿਅਕਤੀ ਦਾ ਢਾਈ ਲੱਖ ਰੁਪਿਆ ਦੇਣਾ ਸੀ, ਜਿਸ ਗੱਲ ਨੂੰ ਲੈ ਕੇ ਇਨ੍ਹਾਂ ਦੀ ਆਪਸ ਵਿਚ ਫ਼ੋਨ 'ਤੇ ਤਕਰਾਰ ਹੋ ਗਈ ਅਤੇ ਇਨ੍ਹਾਂ ਵਿਅਕਤੀਆਂ ਨੇ ਟਾਈਮ ਪਾ ਕੇ ਸਰਹਾਲੀ ਰੋਡ ਦਾ ਇੱਕ ਦੂਜੇ ਨੂੰ ਟਾਈਮ ਦੇ ਦਿੱਤਾ
ਜਿਸ ਤੋਂ ਬਾਅਦ ਲਖਬੀਰ ਸਿੰਘ ਅਤੇ ਉਸ ਦਾ ਸਾਥੀ ਵਿਨੋਦ ਕੁਮਾਰ ਉਰਫ਼ ਗੱਟੂ ਬਾਹਮਣ ਪੁੱਤਰ ਬੇਅੰਤ ਲਾਲ ਨਿਵਾਸੀ ਪੱਟੀ ਆਪਣੇ ਛੇ ਤੋਂ ਸੱਤ ਸਾਥੀਆਂ ਨੂੰ ਨਾਲ ਲੈ ਕੇ ਸਰਹਾਲੀ ਰੋਡ ਮੌਜੂਦ ਸੀ ਕਿ ਇੰਨੇ ਨੂੰ ਉੱਥੇ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਉਰਫ਼ ਮੰਨਾ ਅਤੇ ਗੁਰਸੇਵਕ ਸਿੰਘ ਅਤੇ ਹੋਰ ਸਾਥੀ ਨਾਲ ਉੱਥੇ ਪਹੁੰਚ ਗਏ ਜਿੱਥੇ ਇਨ੍ਹਾਂ ਦਾ ਆਪਸ ਵਿਚ ਤਕਰਾਰ ਹੋਇਆ ਜਿਸ ਤੋਂ ਬਾਅਦ ਲਖਬੀਰ ਸਿੰਘ ਅਤੇ ਵਿਨੋਦ ਕੁਮਾਰ ਉਰਫ਼ ਗੱਟੂ ਬਾਹਮਣ ਨੇ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੁਰਸੇਵਕ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਐਸ ਐਸ ਪੀ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।