ਨਿਹੰਗ ਸਿੰਘ ਦਲਾਂ ਵਲੋਂ ਬੁੱਢਾ ਦਲ ਦੀ ਅਗਵਾਈ ਹੇਠ ਮਹੱਲਾ 20 ਨਵੰਬਰ ਨੂੰ ਕਢਿਆ ਜਾਵੇਗਾ

ਏਜੰਸੀ

ਖ਼ਬਰਾਂ, ਪੰਜਾਬ

ਨਿਹੰਗ ਸਿੰਘ ਦਲਾਂ ਵਲੋਂ ਬੁੱਢਾ ਦਲ ਦੀ ਅਗਵਾਈ ਹੇਠ ਮਹੱਲਾ 20 ਨਵੰਬਰ ਨੂੰ ਕਢਿਆ ਜਾਵੇਗਾ

image

ਅੰਮਿ੍ਰਤਸਰ, ਸੁਲਤਾਨਪੁਰ ਲੋਧੀ, 17 ਨਵੰਬਰ (ਪ.ਪ.): ਗੁਰਦੁਆਰਾ ਅਕਾਲ ਬੂੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਜਥੇ: ਬਾਬਾ ਨਵਾਬ ਕਪੂਰ ਸਿੰਘ ਜੀ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੰਡ ਪਾਠਾਂ ਦੇ ਭੋਗ ਪੂਰਨ ਗੁਰ ਮਰਿਆਦਾ ਅਨੁਸਾਰ 20 ਨਵੰਬਰ ਨੂੰ ਪਾਏ ਜਾਣਗੇ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮੂਹ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿਤੀ ਅਤੇ ਉਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਉਪਦੇਸ਼ਾਂ, ਅਦੇਸ਼ਾਂ ਅਤੇ ਜੀਵਨ ਜੁਗਤ ਦੇ ਸਿਧਾਂਤ ਨੂੰ ਅਪਣਾਉਣ ਤੇ ਜ਼ੋਰ ਦਿਤਾ। 
ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ (20 ਨਵੰਬਰ) ਨੂੰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਪੁਰਾਤਨ ਰਵਾਇਤ ਮੁਤਾਬਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਮਹੱਲਾ ਇਸੇ ਅਸਥਾਨ ਤੋਂ ਕਢਿਆ ਜਾਵੇਗਾ ਜਿਸ ਵਿਚ ਵਿਸ਼ੇਸ਼ ਤੌਰ ਊਠ ਹਾਥੀ ਸ਼ਾਮਲ ਹੋਣਗੇ ਅਤੇ ਗੁਰਦੁਆਰਾ ਸੰਤਘਾਟ ਦੇ ਨਜ਼ਦੀਕ ਖੁੱਲੇ ਖੇਤਾਂ ਵਿਚ ਨਿਹੰਗ ਸਿੰਘ ਅਰਾਕੇ ਦੌੜਾਨਗੇ। ਘੌੜ ਦੌੜ, ਨੇਜੇ ਨਾਲ ਕਿਲੇ੍ਹ ਪੁੱਟਣਗੇ ਅਤੇ ਇਕ ਤੋਂ ਛੇ ਘੋੜਿਆਂ ਦੀ ਸਵਾਰੀ ਕਰ ਕੇ ਦੌੜ ਲਗਾਉਣਗੇ। 
ਪੁਰਾਤਨ ਸਮਿਆਂ ਤੋਂ ਚਲੀ ਆਉਂਦੀ ਮਰਿਆਦਾ ਅਨੁਸਾਰ ਬੁੱਢਾ ਦਲ ਤੇ ਤਰਨਾ ਦਲਾਂ ਦੀਆਂ ਛਾਉਣੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਨ੍ਹਾਂ ਇਹ ਵੀ ਦਸਿਆ ਕਿ ਮਹੱਲੇ ਵਿਚ ਸਮੂਹ ਦਲਾਂ ਦੇ ਮੁਖੀ ਬਾਬਾ ਗੱਜਣ ਸਿੰਘ ਮੁਖੀ ਮਿਸਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀ ਚੰਦ ਤਰਨਾ ਦਲ ਸੁਰਸਿੰਘ, ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਅਤੇ ਬੇਅੰਤ ਹੀ ਨਿਹੰਗ ਸਿੰਘ ਫ਼ੌਜਾਂ ਸ਼ਾਮਲ ਹੋਣਗੀਆਂ।