ਬਾਦਲਾਂ ਦੇ ਨਿਜੀ ਦਲ ਵਿਰੁਧ ਪੰਥਕ ਧਿਰਾਂ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਕਰਨ ਲਈ ਇਕੱਠੀਆਂ ਹੋਣ : ਰ
ਬਾਦਲਾਂ ਦੇ ਨਿਜੀ ਦਲ ਵਿਰੁਧ ਪੰਥਕ ਧਿਰਾਂ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਕਰਨ ਲਈ ਇਕੱਠੀਆਂ ਹੋਣ : ਰਵੀਇੰਦਰ ਸਿੰਘ
ਚੰਡੀਗੜ੍ਹ, 17 ਨਵੰਬਰ (ਸ.ਸ.ਸ.) : ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਚਲ ਰਹੇ ਪਰਵਾਰਵਾਦ ਨੂੰ ਨਿਸ਼ਾਨੇ ਤੇ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ ਜਮਾਤ ਹੈ ਜਿਸ ਰਾਹੀਂ ਬਾਦਲਾਂ ਨੇ 10 ਸਾਲ ਲਗਾਤਾਰ ਹਕੂਮਤ ਕੀਤੀ ਪਰ ਸਿੱਖੀ ਸਿਧਾਂਤਾਂ ਦੀ ਥਾਂ ਪਰਵਾਰਵਾਦ ਨੂੰ ਪ੍ਰਫੁਲਤ ਕੀਤਾ। ਇਸ ਵੇਲੇ ਸਿੱਖ ਕੌਮ ਦੇ ਸਮੂਹ ਸੰਗਠਨ, ਬਾਦਲ ਪਰਵਾਰ ਦੇ ਕੰਟਰੋਲ ਹੇਠ ਹੋਣ ਕਰ ਕੇ, ਆਮ ਲੋਕ ਤੇ ਸਿੱਖ ਕੌਮ ਬੇਚੈਨ ਹੈ। ਅਨੇਕਾਂ ਸ਼ਹਾਦਤਾਂ ਪਿੱਛੋਂ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਵੰਸ਼ਵਾਦ ਜੋਗਾ ਰਹਿ ਗਿਆ ਹੈ, ਇਸ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਹੋ ਚੁੱਕਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ, ਫੈਡਰਲ ਸਿਸਟਮ ਬੜੀ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕਾ ਹੈ। ਉਨ੍ਹਾਂ ਸਮੂਹ ਪੰਥਕ ਧਿਰਾਂ ਨੂੰ ਸੱਦਾ ਦਿਤਾ ਕਿ ਉਹ ਬਾਦਲ ਦੇ ਪਰਵਾਰਵਾਦ ਨੂੰ ਸਮਾਪਤ ਕਰਨ ਲਈ ਇਕ ਸਾਂਝੇ ਪਲੇਟ ਫ਼ਾਰਮ ’ਤੇ ਇਕੱਠੀਆਂ ਹੋਣ। ਸਾਬਕਾ ਸਪੀਕਰ ਨੇ ਕਿਹਾ ਕਿ ਮੌੌਜੂਦਾ ਹਾਲਾਤ ਵਿਚ ਸੂੁਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਥਾਂ ਪ੍ਰਾਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਮਜ਼ਦੂਰ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਸੀ ਪਰ ਵੰਸ਼ਵਾਦ ਕਾਰਨ ਉਹ ਇਸ ਦਲ ਤੋਂ ਦੂਰ ਚਲੇ ਗਏ ਹਨ।