ਸਰੀਰਕ ਸ਼ੋਸ਼ਣ ਮਾਮਲਾ : ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਿਲਾਂ, ਗ਼ੈਰ ਜ਼ਮਾਨਤੀ ਵਾਰੰਟ ਜਾਰੀ
1 ਦਸੰਬਰ ਤੱਕ ਅਦਾਲਤ 'ਚ ਹੋਣਾ ਪਵੇਗਾ ਪੇਸ਼
ਲੁਧਿਆਣਾ : ਲੋਕ ਇਨਸਾਫ਼ ਪਾਰਟੀ (ਲਿਪ) ਦੇ ਮੁਖੀ ਅਤੇ ਹਲਕਾ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦਰਅਸਲ ਲੁਧਿਆਣਾ ਸਰੀਰਕ ਸ਼ੋਸ਼ਣ ਮਾਮਲੇ 'ਚ ਅਦਾਲਤ ਨੇ ਬੈਂਸ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ਨੂੰ 1 ਦਸੰਬਰ ਤੱਕ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ। ਇਹ ਜਾਣਕਾਰੀ ਸ਼ਿਕਾਇਤਕਰਤਾ ਦੇ ਵਕੀਲ ਹਰੀਸ਼ ਢਾਂਡਾ ਨੇ ਦਿਤੀ।
ਦੱਸ ਦੇਈਏ ਕਿ 44 ਸਾਲਾ ਮਹਿਲਾ ਨੇ ਵਿਧਾਇਕ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਔਰਤ ਨੇ ਦੋਸ਼ ਲਾਇਆ ਹੈ ਕਿ ਉਹ ਜਾਇਦਾਦ ਵਿਵਾਦ ਦੇ ਮਾਮਲੇ ਨੂੰ ਲੈ ਕੇ ਵਿਧਾਇਕ ਨੂੰ ਮਿਲੀ ਸੀ, ਜਿਸ ਤੋਂ ਬਾਅਦ ਬੈਂਸ ਨੇ ਆਪਣੇ ਦਫ਼ਤਰ ਦੇ ਇੱਕ ਕਮਰੇ ਵਿੱਚ ਉਸ ਦਾ ਸਰੀਰਕ ਸ਼ੋਸ਼ਣ ਕੀਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ 16 ਨਵੰਬਰ 2020 ਨੂੰ ਉਸ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿਤੀ ਸੀ। ਇੰਨਾ ਹੀ ਨਹੀਂ ਪੀੜਤ ਔਰਤ ਸ਼ਿਕਾਇਤ 'ਤੇ ਕਾਰਵਾਈ ਕਰਵਾਉਣ ਲਈ ਕਈ ਵਾਰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਵੀ ਦੇ ਚੁੱਕੀ ਹੈ।