ਅਮਰੀਕਾ, ਭਾਰਤ ਬਾਰੇ ਮਨੁੱਖੀ ਅਧਿਕਾਰਾਂ ਅਤੇ ਬਲਾਤਕਾਰਾਂ ਦੀ ਰਿਪੋਰਟ ‘ਰੈੱਡ ਲਿਸਟ’ ਵਿਚ ਜਾਰੀ ਕਰੇ
ਅਮਰੀਕਾ, ਭਾਰਤ ਬਾਰੇ ਮਨੁੱਖੀ ਅਧਿਕਾਰਾਂ ਅਤੇ ਬਲਾਤਕਾਰਾਂ ਦੀ ਰਿਪੋਰਟ ‘ਰੈੱਡ ਲਿਸਟ’ ਵਿਚ ਜਾਰੀ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਨਵੰਬਰ (ਗੁਰਬਚਨ ਸਿੰਘ ਰੁਪਾਲ) : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ, ‘‘ਅਮਰੀਕਾ ਨੇ ਬੀਤੇ ਦਿਨੀਂ ਅਪਣੇ ਅਮਰੀਕਨ ਨਾਗਰਿਕਾਂ ਸਬੰਧੀ ਯਾਤਰਾ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿਚ ਜਬਰ-ਜਨਾਹ ਦੀਆਂ ਕਾਰਵਾਈਆਂ ਤੇਜ਼ੀ ਨਾਲ ਵੱਧ ਰਹੀਆਂ ਹਨ।’’ ਭਾਰਤ ਵਿਚ ਘੱਟ ਗਿਣਤੀ ਕੌਮਾਂ ਦੇ ਮਨੁੱਖੀ ਅਧਿਕਾਰਾਂ ਦੇ ਵੱਡੇ ਪੱਧਰ ’ਤੇ ਹੋ ਰਹੇ ਘਾਣ ਸਬੰਧੀ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰਿਲੀਜੀਅਸ ਫ਼ਰੀਡਮ ਨੇ ਇੰਡੀਆ ਨੂੰ ‘ਰੈਡ ਲਿਸਟ’ ਵਿਚ ਪਾ ਰਖਿਆ ਹੈ। ਜਦ ਅਮਰੀਕਾ ਤੇ ਕੌਮਾਂਤਰੀ ਰਿਪੋਰਟਾਂ ਇੰਡੀਆ ਵਿਚ ਜਬਰ-ਜਨਾਹ ਅਤੇ ਮਨੁੱਖੀ ਅਧਿਕਾਰਾਂ ਨੂੰ ਖੋਹਣ ਦੀ ਗੱਲ ਜ਼ੋਰ ਨਾਲ ਉਠ ਰਹੀ ਹੈ, ਭਾਰਤੀ ਫ਼ੌਜਾਂ, ਨੀਮ ਫ਼ੌਜੀ ਬਲ ਰੋਜ਼ ਹੀ ਜੰਮੂ-ਕਸ਼ਮੀਰ, ਛਤੀਸਗੜ੍ਹ, ਬਿਹਾਰ, ਉੜੀਸਾ, ਝਾਰਖੰਡ, ਮਹਾਰਾਸ਼ਟਰ ਆਦਿ ਸੂਬਿਆਂ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ, ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆਂ, ਕਬੀਲਿਆਂ ਆਦਿ ਉਤੇ ਮਾਉਵਾਦੀ, ਨਕਸਲਾਈਟ, ਅਤਿਵਾਦੀ, ਸ਼ਰਾਰਤੀ ਅਨਸਰ ਜਿਹੇ ਠੱਪੇ ਲਾ ਕੇ ਲਗਾਤਾਰ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਆ ਰਹੇ ਹਨ ਤਾਂ ਹੁਣ ਅਮਰੀਕਾ ਨੇ ਵੀ ਅਪਣੀਆਂ ਅਮਰੀਕਨ ਬੀਬੀਆਂ ਨੂੰ ਉਚੇਚੇ ਤੌਰ ’ਤੇ ਇੰਡੀਆ ਅਤੇ ਜੰਮੂ-ਕਸ਼ਮੀਰ ਵਿਚ ਵਿਚਰਨ ਤੋਂ ਮਨ੍ਹਾ ਕੀਤਾ ਹੈ ਜਿਥੇ ਲੰਮੇ ਸਮੇਂ ਤੋਂ ਮਨੁੱਖੀ ਹੱਕਾਂ ’ਤੇ ਡਾਕੇ ਮਾਰ ਰਹੇ ਹਨ, ਨਾਲ ਹੀ ਸ਼ਹਿਰ-ਸ਼ਹਿਰ, ਗਲੀ-ਗਲੀ ਜਬਰ-ਜਨਾਹ ਦੀਆਂ ਦੁਖਦਾਈ ਕਾਰਵਾਈਆਂ ਹੋ ਰਹੀਆਂ ਹਨ ਜੋ ਉਨ੍ਹਾਂ ਨਾਲ ਵੀ ਕੋਈ ਅਜਿਹੀ ਅਨਹੋਣੀ ਨਾ ਵਾਪਰੇ।
ਸ. ਸਿਮਰਨਜੀਤ ਸਿੰਘ ਮਾਨ ਨੇ ਇਹ ਵਿਚਾਰ ਅਮਰੀਕਾ ਵਲੋਂ ਭਾਰਤ ਵਿਚ ਜਬਰ-ਜਨਾਹ ਤੇ ਮਨੁੱਖੀ ਅਧਿਕਾਰਾਂ ਦੀਆਂ ਤੇਜ਼ੀ ਨਾਲ ਵੱਧ ਰਹੀਆਂ ਗ਼ੈਰ ਇਨਸਾਨੀ ਅਤੇ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਰੈਡ ਲਿਸਟ ਜਾਰੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਜਿਸ ਨੇ ਅਪਣੀ ਕੌਮਾਂਤਰੀ ਰਿਪੋਰਟ ਵਿਚ ਇੰਡੀਆ ਨੂੰ ‘ਰੈਡ-ਲਿਸਟ’ ਵਿਚ ਰਖਿਆ ਹੈ, ਉਸ ਨੂੰ ਦੁਨੀਆਂ ਦੀ ਜਾਣਕਾਰੀ ਲਈ ਜਾਰੀ ਕਰੇ।