ਲੁਧਿਆਣਾ ਪੈਟਰੋਲ ਪੰਪ ਲੁੱਟ ਮਾਮਲਾ: ਪੁਲਿਸ ਤੇ ਬਦਮਾਸ਼ ਵਿਚਾਲੇ ਹੋਈ ਗੋਲੀਬਾਰੀ, ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਦਮਾਸ਼ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ।

Ludhiana petrol pump robbery case: Second accused also arrested

 

ਲੁਧਿਆਣਾ: ਪੈਟਰੋਲ ਪੰਪ ਲੁੱਟ ਮਾਮਲੇ ਵਿਚ ਲੁਧਿਆਣਾ ਵਿਚ ਸ਼ੁੱਕਰਵਾਰ ਨੂੰ ਸੀਆਈਏ-2 ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇੰਸਪੈਕਟਰ ਬੇਅੰਤ ਜੁਨੇਜਾ ਵੱਲੋਂ ਚਲਾਈ ਗਈ ਗੋਲੀ ਗੈਂਗਸਟਰ ਦੀ ਲੱਤ ਵਿਚ ਜਾ ਲੱਗੀ ਅਤੇ ਇਸ ਦੌਰਾਨ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹ ਮੁਕਾਬਲਾ ਚੀਮਾ ਚੌਕ ਨੇੜੇ ਆਰਕੇ ਰੋਡ 'ਤੇ ਹੋਇਆ। ਬਦਮਾਸ਼ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ।

ਫੜੇ ਗਏ ਬਦਮਾਸ਼ ਅੰਮ੍ਰਿਤਰਾਜ ਨੂੰ ਥਾਣਾ ਫੋਕਲ ਪੁਆਇੰਟ ਵਿਚ ਏਟੀਐਮ ਨਾਲ ਛੇੜਛਾੜ ਅਤੇ ਲੁੱਟ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਭਾਜਪਾ ਆਗੂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਹੁਣ ਉਸ ਦੇ ਸਾਥੀ ਅੰਮ੍ਰਿਤਰਾਜ ਨੂੰ ਵੀ ਕਾਬੂ ਕਰ ਲਿਆ ਗਿਆ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀ ਅੰਮ੍ਰਿਤਰਾਜ ਫਾਰਚੂਨਰ ਕਾਰ 'ਚ ਪੁਲਿਸ ਨੂੰ ਦੇਖ ਕੇ ਭੱਜਣ ਲੱਗਿਆ ਪਰ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਫੜ ਲਿਆ। ਦੋਸ਼ੀ ਨੇ ਕਾਰ ਨੂੰ ਇੰਨੀ ਰਫਤਾਰ ਨਾਲ ਭਜਾਇਆ ਕਿ ਉਹ ਕਿਸੇ ਵੀ ਵਿਅਕਤੀ ਨੂੰ ਕਾਰ ਦੇ ਹੇਠਾਂ ਕੁਚਲ ਸਕਦਾ ਸੀ। ਪੁਲਿਸ ਨੇ ਬਦਮਾਸ਼ ਨੂੰ ਫਿਲਮੀ ਅੰਦਾਜ਼ ਵਿਚ ਫੜਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬਦਮਾਸ਼ ਗੈਂਗਸਟਰ ਅੰਮ੍ਰਿਤਰਾਜ ਨੇ ਪੁਲਿਸ 'ਤੇ ਗੋਲੀਆਂ ਚਲਾਈਆਂ। ਪਿਸਤੌਲ ਵਿਚੋਂ ਦੋ ਜਿੰਦਾ ਕਾਰਤੂਸ ਮਿਲੇ ਹਨ।

ਜਵਾਬੀ ਗੋਲੀਬਾਰੀ 'ਚ ਪੁਲਿਸ ਨੇ ਵੀ ਦੋਸ਼ੀ 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਇਲਾਕੇ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਕਾਰਤੂਸ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜੇਕਰ ਸ਼ਹਿਰ ਵਿਚ ਗੈਂਗਸਟਰ ਪੁਲਿਸ ’ਤੇ ਗੋਲੀਬਾਰੀ ਕਰਦੇ ਹਨ ਤਾਂ ਉਹਨਾਂ ਦੀ ਹੀ ਭਾਸ਼ਾ ਵਿਚ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ, ਧੋਖਾਧੜੀ ਅਤੇ ਲੁੱਟ-ਖੋਹ ਦਾ ਕੇਸ ਦਰਜ ਕੀਤਾ ਗਿਆ ਹੈ।