Lawrence Bishnoi News: ਇਕ ਸਾਲ ਤਕ ਅਦਾਲਤ ਵਿਚ ਨਹੀਂ ਪੇਸ਼ ਹੋਵੇਗਾ ਲਾਰੈਂਸ ਬਿਸ਼ਨੋਈ; ਵੀਡੀਉ ਕਾਨਫ਼ਰੰਸਿੰਗ ਰਾਹੀਂ ਭੁਗਤੇਗਾ ਪੇਸ਼ੀ
ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਕੇਂਦਰੀ ਜੇਲ ਤੋਂ ਆਨਲਾਈਨ ਜਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਦਾਲਤ ਦੀ ਪੇਸ਼ੀ ਭੁਗਤੇਗਾ।
Lawrence Bishnoi News:: ਪੰਜਾਬੀ ਗਾਇਕ ਸਿੱਧ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿਚ ਦਰਜ ਕੇਸਾਂ ਵਿਚ ਇਕ ਸਾਲ ਤਕ ਸਰੀਰਕ ਤੌਰ ’ਤੇ ਪੇਸ਼ ਨਹੀਂ ਹੋਵੇਗਾ। ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਕੇਂਦਰੀ ਜੇਲ ਤੋਂ ਆਨਲਾਈਨ ਜਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਦਾਲਤ ਦੀ ਪੇਸ਼ੀ ਭੁਗਤੇਗਾ।
ਸੁਰੱਖਿਆ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਉਸ 'ਤੇ ਸੀਆਰਪੀਸੀ ਦੀ ਧਾਰਾ 268 ਲਗਾਈ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਲਾਰੈਂਸ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਨਸ਼ਾ ਤਸਕਰੀ ਨਾਲ ਸਬੰਧਤ ਇਕ ਕੇਸ ਵਿਚ ਸੰਮਨ ਜਾਰੀ ਕੀਤਾ ਸੀ। ਅਜਿਹੇ 'ਚ ਉਸ ਦੀ ਪੇਸ਼ੀ ਸਬੰਧੀ ਇਹ ਜਾਣਕਾਰੀ ਗੁਜਰਾਤ ਜੇਲ ਵਲੋਂ ਈ-ਮੇਲ ਰਾਹੀਂ ਅਦਾਲਤ ਨੂੰ ਭੇਜੀ ਗਈ ਹੈ।
ਅੰਮ੍ਰਿਤਸਰ ਦੀ ਅਦਾਲਤ ਨੇ ਐਨਡੀਪੀਐਸ ਨਾਲ ਸਬੰਧਤ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕਰਨ ਲਈ ਬਠਿੰਡਾ ਜੇਲ ਵਿਚ ਸੰਮਨ ਭੇਜੇ ਸਨ। ਇਸ ਤੋਂ ਬਾਅਦ ਬਠਿੰਡਾ ਜੇਲ ਅਥਾਰਟੀ ਨੇ ਇਹ ਸੰਮਨ ਅਹਿਮਦਾਬਾਦ ਜੇਲ ਅਥਾਰਟੀ ਨੂੰ ਈ-ਮੇਲ ਰਾਹੀਂ ਭੇਜੇ। ਇਸ ਤੋਂ ਬਾਅਦ 6 ਨਵੰਬਰ ਨੂੰ ਅਹਿਮਦਾਬਾਦ ਜੇਲ ਤੋਂ ਅੰਮ੍ਰਿਤਸਰ ਦੀ ਅਦਾਲਤ ਵਿਚ ਜਵਾਬ ਭੇਜਿਆ ਗਿਆ। ਦਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਮਾਮਲੇ ਵਿਚ ਸੀਆਰਪੀਸੀ 268 ਲਗਾਈ ਗਈ ਹੈ। ਅਜਿਹੇ 'ਚ ਲਾਰੈਂਸ ਬਿਸ਼ਨੋਈ ਨੂੰ ਅਗਲੇ ਇਕ ਸਾਲ ਤਕ ਆਨਲਾਈਨ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ। ਉਹ ਨਿੱਜੀ ਪੇਸ਼ੀ ਲਈ ਅਦਾਲਤ ਵਿਚ ਨਹੀਂ ਆਵੇਗਾ।
ਕਦੋਂ ਲਗਾਈ ਜਾਂਦੀ ਹੈ ਸੀਆਰਪੀਸੀ ਦੀ ਧਾਰਾ 268?
ਜਦੋਂ ਸੂਬਾ ਜਾਂ ਕੇਂਦਰ ਸਰਕਾਰ ਕਿਸੇ ਵੀ ਮਾਮਲੇ ਵਿਚ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ 1973 ਦੀ ਧਾਰਾ 268 ਦੀ ਵਰਤੋਂ ਕਰਦੀ ਹੈ, ਤਾਂ ਇਸ ਦੇ ਤਿੰਨ ਕਾਰਨ ਹੋ ਸਕਦੇ ਹਨ। ਇਕ ਤਾਂ ਉਹ ਵਿਅਕਤੀ ਜੇਲ ਵਿਚ ਹੈ ਜਿਸ ਨੇ ਘਿਨੌਣਾ ਅਪਰਾਧ ਕੀਤਾ ਹੈ। ਜਦੋਂ ਉਹ ਬਾਹਰ ਆਉਂਦਾ ਹੈ ਤਾਂ ਭੀੜ ਉਸ 'ਤੇ ਹਮਲਾ ਕਰ ਸਕਦੀ ਹੈ। ਦੂਸਰਾ, ਉਹ ਵਿਅਕਤੀ ਜੋ ਜੇਲ ਤੋਂ ਬਾਹਰ ਆਉਣ 'ਤੇ ਜਨਤਕ ਸ਼ਾਂਤੀ ਭੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੂੰ ਜਾਪਦਾ ਹੈ ਕਿ ਜੇਕਰ ਉਹ ਜੇਲ ਵਿਚ ਹੈ ਤਾਂ ਉਸ ਨੂੰ ਅਦਾਲਤ ਤਕ ਪਹੁੰਚਣ ਤੋਂ ਪਹਿਲਾਂ ਹੀ ਅਗਵਾ ਕਰ ਲਿਆ ਜਾਵੇਗਾ।
(For more news apart from Lawrence Bishnoi will not appear in court for a year, stay tuned to Rozana Spokesman)